ਖ਼ਰਾਬ ਮੌਸਮ ਨੇ ਕੁਈਨਜ਼ਲੈਂਡ ’ਚ ਕੀਤਾ ਭਾਰੀ ਨੁਕਸਾਨ, ਮੌਸਮ ਵਿਭਾਗ ਨੇ ਆਸਟ੍ਰੇਲੀਆ ਦੇ ਇਨ੍ਹਾਂ ਸਟੇਟਾਂ ’ਚ ਵੀ ਕੀਤੀ ਮੀਂਹ-ਹਨੇਰੀ ਦੀ ਭਵਿੱਖਬਾਣੀ

ਮੈਲਬਰਨ : Southern Annular Mode (SAM) ਕਾਰਨ ਲਗਭਗ ਪੂਰੇ ਆਸਟ੍ਰੇਲੀਆ ’ਚ ਮੀਂਹ-ਹਨੇਰੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤੇਜ਼ ਹਵਾਵਾਂ, ਕੋਲਡ ਫ਼ਰੰਟ ਅਤੇ ਘੱਟ ਦਬਾਅ ਪ੍ਰਣਾਲੀਆਂ ਕਾਰਨ ਅਗਲੇ ਕੁਝ ਦਿਨਾਂ ਵਿੱਚ ਕੁਈਨਜ਼ਲੈਂਡ ’ਚ ਮੀਂਹ, ਭਾਰੀ ਤੂਫਾਨ, ਨੁਕਸਾਨਦੇਹ ਹਵਾਵਾਂ ਅਤੇ ਓਲੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੈਸਟਰਨ ਆਸਟ੍ਰੇਲੀਆ ਵਿੱਚ ਵੀ ਮੌਸਮ ਖਰਾਬ ਰਹੇਗਾ, ਜਿਸ ਨਾਲ ਸਟੇਟ ਦੇ ਅੰਦਰੂਨੀ ਇਲਾਕਿਆਂ ਵਿੱਚ ਹਵਾਵਾਂ ਅਤੇ ਤੂਫਾਨ ਕਾਰਨ ਨੁਕਸਾਨ ਪਹੁੰਚੇਗਾ। ਨੌਰਦਰਨ ਟੈਰੀਟਰੀ ਅਤੇ ਨਿਊ ਸਾਊਥ ਵੇਲਜ਼ ਵਿਚ ਵੀ ਤੂਫਾਨ ਵੇਖਣ ਨੂੰ ਮਿਲੇਗਾ, ਜਦੋਂ ਕਿ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿਚ ਸ਼ਨੀਵਾਰ ਨੂੰ ਕੋਲਡ ਫ਼ਰੰਟ ਅਤੇ ਸੰਭਾਵਿਤ ਤੂਫਾਨ ਆਉਣ ਦੀ ਸੰਭਾਵਨਾ ਹੈ।

ਸਾਊਥ-ਵੈਸਟ ਕੁਈਨਜ਼ਲੈਂਡ ’ਚ ਕੱਲ੍ਹ ਤੇਜ਼ ਤੂਫਾਨ ਅਤੇ ਭਾਰੀ ਮੀਂਹ ਪਿਆ, ਜਿਸ ਕਾਰਨ ਤਿੰਨ ਹਵਾਈ ਪ੍ਰਣਾਲੀਆਂ ਟਕਰਾ ਗਈਆਂ। ਨਤੀਜੇ ਵੱਜੋਂ ਬਿਜਲੀ ਡਿੱਗਣ ਅਤੇ ਹਵਾਵਾਂ ਨੇ ਵਿਆਪਕ ਨੁਕਸਾਨ ਪਹੁੰਚਾਇਆ। 50 ਮਿਲੀਮੀਟਰ ਤੋਂ ਵੱਧ ਮੀਂਹ ਪਿਆ, ਜਿਸ ਨਾਲ Teneriffe, Regents Park ਅਤੇ Boonah ਵਰਗੇ ਇਲਾਕਿਆਂ ਵਿੱਚ ਬਿਜਲੀ ਡਿੱਗਣ ਦੀ ਖ਼ਬਰ ਹੈ। ਲਗਭਗ 36,000 ਘਰਾਂ ਦੀ ਬਿਜਲੀ ਰਾਤ ਭਰ ਬੰਦ ਰਹੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੁਪਹਿਰ ਤੱਕ ਬਹਾਲ ਹੋ ਗਏ। ਇਸ ਤੂਫਾਨ ਦੇ ਮੌਸਮ ਵਿੱਚ 2.1 ਮਿਲੀਅਨ ਬਿਜਲੀ ਦੇ ਬੋਲਟ ਵੇਖੇ ਗਏ ਹਨ, ਜੋ ਪਿਛਲੇ ਸਾਲ ਦੇ 780,000 ਤੋਂ ਕਾਫ਼ੀ ਵੱਧ ਹਨ।