ਮੈਲਬਰਨ : ਸਿਡਨੀ ਤੋਂ Brisbane ਜਾ ਰਹੀ Qantas ਦੀ ਉਡਾਣ ’ਚ ਤੇਜ਼ ਤੂਫਾਨ ਕਾਰਨ ਲੱਗੇ ਝਟਕਿਆਂ ਨਾਲ ਇਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਡਾਣ ਨੇ ਕੱਲ੍ਹ ਦੁਪਹਿਰ 3:15 ਵਜੇ ਬ੍ਰਿਸਬੇਨ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਪੈਰਾਮੈਡਿਕਸ ਨੇ ਤਿੰਨ ਲੋਕਾਂ ਦਾ ਮੁਲਾਂਕਣ ਕੀਤਾ। 40 ਸਾਲ ਦੀ ਉਮਰ ਦੀ ਇਕ ਔਰਤ ਅਤੇ ਇਕ ਬੱਚੇ ਨੂੰ ਸੱਟਾਂ ਦੇ ਨਾਲ ਸਥਿਰ ਹਾਲਤ ਵਿਚ ਪ੍ਰਿੰਸ ਚਾਰਲਸ ਹਸਪਤਾਲ ਲਿਜਾਇਆ ਗਿਆ। ਤੀਜੇ ਵਿਅਕਤੀ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸੀਟਬੈਲਟ ਬੰਨ੍ਹਣ ਦਾ ਚਿੰਨ੍ਹ ਝਟਕੇ ਲੱਗਣ ਤੋਂ ਪੰਜ ਮਿੰਟ ਪਹਿਲਾਂ ਚਾਲੂ ਕਰ ਦਿੱਤਾ ਗਿਆ ਸੀ ਅਤੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਬੈਠਣ ਦੀ ਹਦਾਇਤ ਕੀਤੀ ਗਈ ਸੀ। ਜ਼ਖਮੀ ਹੋਏ ਤਿੰਨ ਲੋਕਾਂ ਨੇ ਸੀਟਬੈਲਟ ਨਹੀਂ ਪਹਿਨੀ ਹੋਈ ਸੀ। ਜ਼ਿਕਰਯੋਗ ਹੈ ਕਿ ਕਲ ਸਾਊਣ-ਈਸਟ ਕੁਈਨਜ਼ਲੈਂਡ ’ਚ ਤਿੰਨ ਹਵਾਈ ਪ੍ਰਣਾਲੀਆਂ ਦੀ ਟੱਕਰ ਹੋਣ ਕਾਰਨ ਬ੍ਰਿਸਬੇਨ ’ਚ ਭਾਰੀ ਤੂਫਾਨ ਆਇਆ ਸੀ। ਭਾਰੀ ਮੀਂਹ, ਹਵਾਵਾਂ ਅਤੇ ਬਿਜਲੀ ਡਿੱਗਣ ਨਾਲ ਪੂਰੇ ਖੇਤਰ ਦੇ ਵਸਨੀਕਾਂ ਨੂੰ ਨੁਕਸਾਨ ਪਹੁੰਚਿਆ। ਆਸਟ੍ਰੇਲੀਆ ਵਿੱਚ ਮੀਂਹ ਕੁੱਝ ਦਿਨ ਜਾਰੀ ਰਹਿਣ ਦੀ ਉਮੀਦ ਹੈ।