‘ਕੀ ‘ਗੁਰੂ ਨਾਨਕ ਲੇਕ’ ’ਤੇ ਮੀਟ ਅਤੇ ਸ਼ਰਾਬ ਦੀ ਮਨਾਹੀ ਹੋਵੇਗੀ?’ MP Matthew Guy ਨੇ ਝੀਲ ਦਾ ਨਾਮ ਬਦਲਣ ਨੂੰ ਲੈ ਕੇ ਅਸੈਂਬਲੀ ’ਚ ਚੁੱਕੇ ਸਵਾਲ

ਮੈਲਬਰਨ : ਪਿਛਲੇ ਦਿਨੀਂ Berwick Springs Lake ਦਾ ਨਾਮ ਬਦਲਣ ਦਾ ਮਾਮਲਾ ਵਿਵਾਦ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੁੱਝ ਸਥਾਨਕ ਲੋਕਾਂ ਵੱਲੋਂ ਬਗ਼ੈਰ ਸਲਾਹ-ਮਸ਼ਵਰੇ ਤੋਂ ਝੀਲ ਦਾ ਨਾਮ ਬਦਲਣ ਵਿਰੁਧ ਆਨਲਾਈਨ ਪਟੀਸ਼ਨ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਧਾਰਮਿਕ ਸ਼ਖਸੀਅਤਾਂ ਅਤੇ ਪਰੰਪਰਾਵਾਂ ਦੇ ਸਤਿਕਾਰ ਅਤੇ ਸਮਝ ਬਾਰੇ ਵੀ ਬਹਿਸ ਸ਼ੁਰੂ ਹੋ ਗਈ ਹੈ। ਵਿਕਟੋਰੀਆ ਦੇ Bulleen ਤੋਂ MP Matthew Guy ਨੇ ਅਸੈਂਬਲੀ ’ਚ Berwick Springs Lake ਦਾ ਨਾਂ ਬਦਲ ਕੇ ਗੁਰੂ ਨਾਨਕ ਝੀਲ ਕਰਨ ’ਤੇ ਸਵਾਲ ਚੁਕੇ ਹਨ।

ਇਹ ਵੀ ਪੜ੍ਹੋ : Berwick Springs Lake ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਰੱਖਣ ਦਾ ਸਥਾਨਕ ਲੋਕਾਂ ਨੇ ਕੀਤਾ ਵਿਰੋਧ, ਤਬਦੀਲੀ ਨੂੰ ਵਾਪਸ ਲੈਣ ਦੀ ਮੰਗ ਉੱਠੀ – Sea7 Australia

ਡਿਪਟੀ ਸਪੀਕਰ ਨੂੰ ਸੰਬੋਧਨ ਕਰਦਿਆਂ Matthew Guy ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਦੌਰਾਨ Guy ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਸ਼ੁੱਧਤਾ ਨਾਲ ਸਤਿਕਾਰਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਗੁਰਦੁਆਰੇ ਵਿੱਚ। ਉਨ੍ਹਾਂ ਨੇ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ Ingrid Stitt ਵੱਲੋਂ ਕੀਤੀ ਗਈ ਟਿੱਪਣੀ ’ਤੇ ਹੈਰਾਨੀ ਜ਼ਾਹਰ ਕੀਤੀ, ਜਿਨ੍ਹਾਂ ਨੇ ਝੀਲ ਦਾ ਨਾਮ ਬਦਲਣ ਤੋਂ ਬਾਅਦ ਉੱਥੇ ਬਾਰਬੇਕਿਊ ਕਰਨ ਦਾ ਸੁਝਾਅ ਦਿੱਤਾ ਸੀ। Guy ਨੇ ਇਸ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਸਿੱਖ ਪਰੰਪਰਾਵਾਂ ਤੋਂ ਬਹੁਤ ਹੀ ਅਣਜਾਣ ਹਨ, ਜੋ ਗੁਰੂ ਦੇ ਨਾਮ ਨਾਲ ਜੁੜੀਆਂ ਥਾਵਾਂ ’ਤੇ ਮਾਸ ਖਾਣ, ਸਿਗਰਟ ਪੀਣ ਅਤੇ ਸ਼ਰਾਬ ਪੀਣ ਦੀ ਮਨਾਹੀ ਕਰਦੇ ਹਨ।

Guy ਨੇ ਪਲੈਨਿੰਗ ਮਿਨੀਸਟਰ ਨੂੰ ਵੀ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਝੀਲ ਦਾ ਨਾਮ ਬਦਲਣ ਤੋਂ ਬਾਅਦ ਉਥੇ ਮੀਟ ਅਤੇ ਸ਼ਰਾਬ ਦੀ ਖਪਤ ਦੀ ਮਨਾਹੀ ਵੀ ਲਗਾਈ ਗਈ ਹੈ ਜਾਂ ਨਹੀਂ। ਉਨ੍ਹਾਂ ਨੇ ਇਸ ਮਾਮਲੇ ਬਾਰੇ ਸਾਊਥ-ਈਸਟ ਸਬਅਰਬਾਂ ਵਿੱਚ ਸਥਾਨਕ ਸਿੱਖਾਂ ਨਾਲ ਸਪੱਸ਼ਟ ਸੰਚਾਰ ਕਰਨ ਦੀ ਅਪੀਲ ਕੀਤੀ। ਗਾਏ ਦੀਆਂ ਟਿੱਪਣੀਆਂ ਅਜਿਹੇ ਸੱਭਿਆਚਾਰਕ ਅਤੇ ਧਾਰਮਿਕ ਮਾਮਲਿਆਂ ਨਾਲ ਨਜਿੱਠਣ ਵਿੱਚ ਵਧੇਰੇ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਦੀ ਮੰਗ ਕਰਦੀਆਂ ਹਨ।