ਪੜ੍ਹਾਈ ਲਈ ਕਰਜ਼ ਲੈਣ ਵਾਲਿਆਂ ਨੂੰ ਮਿਲੇਗੀ ਰਾਹਤ, ਸਰਕਾਰ ਨੇ HELP ਪ੍ਰੋਗਰਾਮ ’ਚ ਵੱਡੀਆਂ ਤਬਦੀਲੀਆਂ ਦਾ ਵਾਅਦਾ ਕੀਤਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਹਾਇਰ ਐਜੂਕੇਸ਼ਨ ਲੋਨ ਪ੍ਰੋਗਰਾਮ (HELP) ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ ਜਿਸ ਨਾਲ ਲੱਖਾਂ ਆਸਟ੍ਰੇਲੀਆਈ ਲੋਕਾਂ ਲਈ ਵਿਦਿਆਰਥੀਆਂ ਦੇ ਕਰਜ਼ੇ ਦੀ ਅਦਾਇਗੀ ਵਿੱਚ ਕਮੀ ਆਵੇਗੀ।

ਨਵੀਂ ਯੋਜਨਾ ਦੇ ਤਹਿਤ, ਗ੍ਰੈਜੂਏਟ ਆਪਣੇ ਕਰਜ਼ੇ ਵਾਪਸ ਕਰਨਾ ਉਦੋਂ ਤਕ ਸ਼ੁਰੂ ਨਹੀਂ ਕਰਨਗੇ ਜਦੋਂ ਤੱਕ ਉਹ ਪ੍ਰਤੀ ਸਾਲ ਘੱਟੋ-ਘੱਟ 67,000 ਡਾਲਰ ਨਹੀਂ ਕਮਾਉਂਦੇ, ਜੋ ਮੌਜੂਦਾ ਹੱਦ 54,435 ਡਾਲਰ ਤੋਂ ਵੱਧ ਹੈ। ਇਸ ਦਾ ਮਤਲਬ ਇਹ ਹੈ ਕਿ ਇੱਕ ਯੂਨੀਵਰਸਿਟੀ ਗ੍ਰੈਜੂਏਟ ਜੋ ਸਾਲਾਨਾ 70,000 ਡਾਲਰ ਕਮਾਉਂਦਾ ਹੈ, ਉਸ ਦੇ ਘੱਟੋ-ਘੱਟ ਭੁਗਤਾਨ ਵਿੱਚ 1,300 ਦੀ ਕਟੌਤੀ ਹੋਵੇਗੀ, ਜਦੋਂ ਕਿ ਇੱਕ ਸਾਲ ਵਿੱਚ 80,000 ਕਮਾਉਣ ਵਾਲਾ ਗ੍ਰੈਜੂਏਟ ਹਰ ਸਾਲ 850 ਘੱਟ ਅਦਾ ਕਰੇਗਾ।

ਇਨ੍ਹਾਂ ਤਬਦੀਲੀਆਂ ਨਾਲ ਪ੍ਰਤੀ ਸਾਲ 180,000 ਡਾਲਰ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਲਾਭ ਹੋਣ ਦੀ ਉਮੀਦ ਹੈ। ਨਵੀਂ ਭੁਗਤਾਨ ਪ੍ਰਣਾਲੀ ਇਨਕਮ ਟੈਕਸ ਦੀ ਹੱਦ ਵਾਂਗ ਹੀ ਕੰਮ ਕਰੇਗੀ, ਜਿੱਥੇ ਕਰਜ਼ਦਾਰ ਇਕ ਨਿਸ਼ਚਿਤ ਪੱਧਰ ਤੋਂ ਉੱਪਰ ਪ੍ਰਤੀ ਡਾਲਰ ਨਿਰਧਾਰਤ ਰੇਟ ਦਾ ਭੁਗਤਾਨ ਕਰਦੇ ਹਨ।