‘ਆਸਟ੍ਰੇਲੀਆ ’ਚ PM ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਆਇਆ ਹਾਂ…’, ਜੈਸ਼ੰਕਰ ਨੇ ਦੱਸੇ ਭਾਰਤ-ਆਸਟ੍ਰੇਲੀਆ ਵਿਚਕਾਰ ਰਿਸ਼ਤੇ ਮਜ਼ਬੂਤ ਹੋਣ ਦੇ ਚਾਰ ਪ੍ਰਮੁੱਖ ਕਾਰਨ

ਮੈਲਬਰਨ : ਆਸਟ੍ਰੇਲੀਆ ਦੇ ਪੰਜ ਦਿਨਾਂ ਦੇ ਦੌਰੇ ’ਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬ੍ਰਿਸਬੇਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤ-ਆਸਟ੍ਰੇਲੀਆ ਸਬੰਧਾਂ ਦੇ ਮਜ਼ਬੂਤ ਹੋਣ ਦੇ ਚਾਰ ਮੁੱਖ ਕਾਰਨਾਂ ਦਾ ਜ਼ਿਕਰ ਕੀਤਾ। ਪ੍ਰਵਾਸੀ ਭਾਰਤੀਆਂ ਵੱਲੋਂ ਮਿਲੇ ਨਿੱਘੇ ਸਵਾਗਤ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੇ ਚਾਰ ਕਾਰਨ ਹਨ- ਪ੍ਰਧਾਨ ਮੰਤਰੀ ਮੋਦੀ, ਆਸਟ੍ਰੇਲੀਆ ਦਾ ਖੁੱਲ੍ਹਾਪਣ, ਵਿਸ਼ਵ ਗਤੀਸ਼ੀਲਤਾ ਅਤੇ ਭਾਰਤੀ ਪ੍ਰਵਾਸੀਆਂ ਦਾ ਯੋਗਦਾਨ।

ਜੈਸ਼ੰਕਰ ਨੇ ਕਿਹਾ ਕਿ ਉਹ ਨਾ ਸਿਰਫ ਭਾਰਤ ਦੇ ਚੌਥੇ ਕੌਂਸਲੇਟ ਦੇ ਉਦਘਾਟਨ ਲਈ ਬ੍ਰਿਸਬੇਨ ਆਏ ਹਨ, ਬਲਕਿ ਭਾਰਤੀ ਭਾਈਚਾਰੇ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਵੀ ਆਏ ਸਨ। ਉਨ੍ਹਾਂ ਕਿਹਾ, ‘‘ਤੁਹਾਡੀ ਮੌਜੂਦਗੀ, ਕੋਸ਼ਿਸ਼ਾਂ ਅਤੇ ਯੋਗਦਾਨ ਨੇ ਇਸ ਕੌਂਸਲੇਟ ਨੂੰ ਸੰਭਵ ਬਣਾਇਆ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਨਤਕ ਤੌਰ ‘ਤੇ ਕੀਤੇ ਵਾਅਦੇ ਨੂੰ ਪੂਰਾ ਕਰਨ ਆਇਆ ਹਾਂ ਕਿ ਉਹ ਬ੍ਰਿਸਬੇਨ ‘ਚ ਕੌਂਸਲੇਟ ਖੋਲ੍ਹਣਗੇ।’’ ਵਿਦੇਸ਼ ਮੰਤਰੀ 7 ਨਵੰਬਰ ਤੱਕ ਆਸਟ੍ਰੇਲੀਆ ’ਚ ਰਹਿਣਗੇ।