ਮੈਲਬਰਨ : ਆਸਟ੍ਰੇਲੀਆ ਦੇ ਪਾਸਪੋਰਟ ਦਫਤਰ ਨੂੰ 1.5 ਅਰਬ ਡਾਲਰ ਤੋਂ ਵੱਧ ਦੇ ਖਰੀਦ ਕੰਟਰੈਕਟ ਨੂੰ ਸੰਭਾਲਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆਈ ਨੈਸ਼ਨਲ ਆਡਿਟ ਆਫਿਸ (ANAO) ਦੀ ਇਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਦਫਤਰ ਦੀ ਫੈਸਲਾ ਲੈਣ ਦੀ ਪ੍ਰਕਿਰਿਆ ‘ਲੋੜ ਅਨੁਸਾਰ ਜਵਾਬਦੇਹ ਨਹੀਂ’ ਅਤੇ ‘ਪਾਰਦਰਸ਼ੀ ਨਹੀਂ’ ਸੀ, ਕਿਉਂਕਿ ਖਰੀਦ ਕਰਨ ਦੀ ਪ੍ਰਕਿਰਿਆ ਨੈਤਿਕ ਮਾਪਦੰਡਾਂ ਅਨੁਸਾਰ ਨਹੀਂ ਸੀ। ਜਾਂਚ ਵਿਚ 18 ਅਫ਼ਸਰਾਂ ਅਤੇ ਠੇਕੇਦਾਰਾਂ ਵੱਲੋਂ ਸੰਭਾਵਿਤ ਦੁਰਵਿਵਹਾਰ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਨੇ ਜਾਂਚ ਸ਼ੁਰੂ ਕੀਤੀ।
ਆਡਿਟ ਵਿਚ ਫਜ਼ੂਲ ਖਰਚਿਆਂ ਦੀਆਂ ਕੁਝ ਚਿੰਤਾਜਨਕ ਉਦਾਹਰਣਾਂ ਦਾ ਵੀ ਖੁਲਾਸਾ ਹੋਇਆ ਹੈ, ਜਿਸ ਵਿਚ ਕਾਨਫਰੰਸ ਸਥਾਨ ਦਾ ਪਤਾ ਲਗਾਉਣ ਲਈ ਪੋਰਟ ਡਗਲਸ ਦੀਆਂ ਦੋ ਯਾਤਰਾਵਾਂ ’ਤੇ ਖਰਚ ਕੀਤੇ ਗਏ 30,000 ਡਾਲਰ ਸ਼ਾਮਲ ਹਨ। ਇਸ ਤੋਂ ਬਾਅਦ ਟੈਕਸਦਾਤਾਵਾਂ ’ਤੇ 1,04,000 ਡਾਲਰ ਦਾ ਬੋਝ ਕਾਨਫ਼ਰੰਸ ਰੱਦ ਕਰਨ ਲਈ ਪਾ ਿਦੱਤਾ ਗਿਆ। ਰਿਪੋਰਟ ਵਿਚ ਹਿੱਤਾਂ ਦੇ ਅਣਐਲਾਨੇ ਟਕਰਾਅ ਦੇ 16 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਪਾਇਆ ਗਿਆ ਹੈ ਕਿ ਸਿਰਫ 29٪ ਕੰਟਰੈਕਟਰ ਨੂੰ ਪਾਉਣ ਲਈ ਮੁਕਾਬਲਾ ਹੋਇਆ ਸੀ। DFAT ਨੇ ANAO ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਖਰੀਦ ਤੇ ਸੱਭਿਆਚਾਰਕ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਚੁੱਕ ਰਿਹਾ ਹੈ।