ਆਸਟ੍ਰੇਲੀਆ ਦੇ ‘ਵਰਕਿੰਗ ਹੋਲੀਡੇ ਵੀਜ਼ਾ’ ਲਈ 2 ਹਫ਼ਤਿਆਂ ’ਚ 40,000 ਭਾਰਤੀਆਂ ਨੇ ਕੀਤਾ ਅਪਲਾਈ

ਮੈਲਬਰਨ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਹਾਇਕ ਮੰਤਰੀ Matt Thistlethwaite ਨੇ ਸੋਮਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਨਵੇਂ ‘ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ’ ਤਹਿਤ 1,000 ਸਥਾਨਾਂ ਲਈ ਸਿਰਫ ਦੋ ਹਫਤਿਆਂ ਵਿਚ ਲਗਭਗ 40,000 ਅਰਜ਼ੀਆਂ ਆ ਗਈਆਂ ਹਨ।

ਆਸਟ੍ਰੇਲੀਅਨ ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ ਦੇ ਲਾਂਚ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਇਹ ਵੀਜ਼ਾ 18 ਤੋਂ 30 ਸਾਲ ਦੀ ਉਮਰ ਦੇ ਭਾਰਤੀਆਂ ਨੂੰ 12 ਮਹੀਨਿਆਂ ਤੱਕ ਆਸਟ੍ਰੇਲੀਆ ’ਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਦਿੰਦਾ ਹੈ। ਵੀਜ਼ਾ ਬੈਲਟ ਪ੍ਰਕਿਰਿਆ 1 ਅਕਤੂਬਰ ਨੂੰ ਖੁੱਲ੍ਹੀ ਸੀ ਅਤੇ ਮਹੀਨੇ ਦੇ ਅੰਤ ਤੱਕ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਫਲ ਉਮੀਦਵਾਰਾਂ ਦੀ ਚੋਣ ਲਾਟਰੀ ਕੱਢਣ ਦੇ ਢੰਗ ਨਾਲ ਕੀਤੀ ਜਾਵੇਗੀ ਅਤੇ ਚੁਣੇ ਗਏ ਉਮੀਦਵਾਰ ਅਗਲੇ ਸਾਲ ਦੇ ਸ਼ੁਰੂ ਵਿਚ ਆਸਟ੍ਰੇਲੀਆ ਵਿਚ ਰਹਿਣਾ ਸ਼ੁਰੂ ਕਰ ਸਕਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਚੱਲੇਗਾ।