ਸੈਂਟਰਲ ਕੋਸਟ ’ਤੇ ਸ਼ਾਨਦਾਰ ਘਰ ਖ਼ਰੀਦਣ ਜਾ ਰਹੇ ਨੇ PM ਐਂਥਨੀ ਅਲਬਨੀਜ਼ੀ, ਜਾਣੋ ਰਿਟਾਇਰ ਹੋਣ ਦੇ ਸਵਾਲ ’ਤੇ ਕੀ ਦਿੱਤੀ ਪ੍ਰਤੀਕਿਰਿਆ

ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ NSW ਸੈਂਟਰਲ ਕੋਸਟ ’ਤੇ 4.3 ਮਿਲੀਅਨ ਡਾਲਰ ਵਿੱਚ ਇੱਕ ਸ਼ਾਨਦਾਰ ਕਲਿੱਫ਼-ਟਾਪ ਘਰ ਖਰੀਦਿਆ ਹੈ। Copacabana ਵਿਚ ਚਾਰ ਬੈੱਡਰੂਮ, ਤਿੰਨ ਬਾਥਰੂਮ ਵਾਲੀ ਪ੍ਰਾਪਰਟੀ ’ਚੋਂ ਸਮੁੰਦਰ ਦੇ ਮਨਮੋਹਕ ਨਜ਼ਾਰੇ ਦਿਸਦੇ ਹਨ ਅਤੇ ਇਕ ਓਪਨ-ਪਲਾਨ ਲਿਵਿੰਗ ਏਰੀਆ ਹੈ ਿਜੱਥੋਂ ਵ੍ਹੇਲ ਮੱਛੀਆਂ ਜਾਂ ਡੁੱਬਦੇ ਸੂਰਜ ਦੇ ਸ਼ਾਨਦਾਰ ਦ੍ਰਿਸ਼ ਦਿਸਦੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨੇ Copacabana ਵਿੱਚ ਇਹ ਖ਼ਰੀਦ ਰਿਟਾਇਰ ਹੋਣ ਦੇ ਮਕਸਦ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਅਤੇ ਕਿਹਾ ਕਿ ਉਹ ਲੰਬੇ ਸਮੇਂ ਲਈ ਆਪਣੀ ਮੌਜੂਦਾ ਭੂਮਿਕਾ ਵਿੱਚ ਬਣੇ ਰਹਿਣ ਦਾ ਇਰਾਦਾ ਰਖਦੇ ਹਨ।

ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਮੰਗੇਤਰ ਜੋਡੀ ਹੇਡਨ ਦੇ ਇਸ ਖੇਤਰ ਨਾਲ ਪਰਿਵਾਰਕ ਸਬੰਧ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸੈਂਟਰਲ ਕੋਸਟ ’ਤੇ ਰਹਿੰਦੀਆਂ ਹਨ। ਅਲਬਾਨੀਜ਼ ਨੇ ਪ੍ਰਧਾਨ ਮੰਤਰੀ ਵਜੋਂ ਆਪਣੀ ਵਿਸ਼ੇਸ਼ ਵਿੱਤੀ ਸਥਿਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਪਰ, ਆਪਣੀ ਮਾਂ ਦੇ 65 ਸਾਲਾਂ ਤੋਂ ਜਨਤਕ ਰਿਹਾਇਸ਼ ਵਿੱਚ ਰਹਿਣ ਦੇ ਤਜਰਬੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਰਿਹਾਇਸ਼ ਦੀ ਜ਼ਰੂਰਤ ਵਾਲੇ ਲੋਕਾਂ ਦੇ ਸੰਘਰਸ਼ਾਂ ਨੂੰ ਵੀ ਸਮਝਦੇ ਹਨ।