ਮੈਲਬਰਨ : ਪਛਮੀ ਏਸ਼ੀਆ ’ਚ ਵਧਦੇ ਸੰਘਰਸ਼ ਕਾਰਨ ਪੈਟਰੋਲ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਟਰੈਜ਼ਰਰ Jim Chalmers ਨੇ ਅੱਜ ਡਰਾਈਵਰਾਂ ਨੂੰ ਇਹ ਚਿਤਾਵਨੀ ਦਿੱਤੀ। ਇਸ ਟਕਰਾਅ ਕਾਰਨ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਹੈ। ਬ੍ਰੈਂਟ ਕਰੂਡ ਪਿਛਲੇ ਹਫਤੇ ਵਿਚ 7٪ ਉਛਾਲ ਕੇ ਲਗਭਗ 77 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ। ਦੁਨੀਆ ਦਾ ਲਗਭਗ ਇਕ ਤਿਹਾਈ ਤੇਲ ਪਛਮੀ ਏਸ਼ੀਆ ਤੋਂ ਆਉਂਦਾ ਹੈ ਅਤੇ ਇਸ ਵਾਧੇ ਨਾਲ ਆਸਟ੍ਰੇਲੀਆਈ ਮੋਟਰਗੱਡੀ ਡਰਾਈਵਰਾਂ ’ਤੇ ਅਸਰ ਪਵੇਗਾ ਜੋ ਹਾਲ ਹੀ ਦੇ ਮਹੀਨਿਆਂ ਵਿਚ ਪੈਟਰੋਲ ਦੀਆਂ ਘੱਟ ਕੀਮਤਾਂ ਦਾ ਅਨੰਦ ਲੈ ਰਹੇ ਸਨ, ਜ਼ਿਆਦਾਤਰ ਰਾਜਧਾਨੀ ਸ਼ਹਿਰਾਂ ਵਿਚ ਕੀਮਤਾਂ 2 ਡਾਲਰ ਪ੍ਰਤੀ ਲੀਟਰ ਤੋਂ ਹੇਠਾਂ ਆ ਗਈਆਂ ਹਨ। ਖਜ਼ਾਨਾ ਵਿਭਾਗ ਦਾ ਅਨੁਮਾਨ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਹਰ 10٪ ਵਾਧੇ ਨਾਲ ਆਸਟ੍ਰੇਲੀਆ ਦੀ ਜੀ.ਡੀ.ਪੀ. ਵਿੱਚ 0.1٪ ਦੀ ਕਮੀ ਆ ਸਕਦੀ ਹੈ ਅਤੇ ਮਹਿੰਗਾਈ ਵਿੱਚ 0.4٪ ਦਾ ਵਾਧਾ ਹੋ ਸਕਦਾ ਹੈ।