‘ਗੰਭੀਰ ਚੇਤਾਵਨੀ ਸੰਕੇਤ’, ਆਲਮੀ ਰੈਂਕਿੰਗ ’ਚ ਡਿੱਗੀਆਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ, ਜਾਣੋ ਕਾਰਨ

ਮੈਲਬਰਨ : ਟਾਈਮਜ਼ ਹਾਇਰ ਐਜੂਕੇਸ਼ਨ ਇੰਡੈਕਸ ਮੁਤਾਬਕ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ’ਚ ਡਿੱਗ ਗਈਆਂ ਹਨ ਅਤੇ University of Melbourne ਵਿਸ਼ਵ ਪੱਧਰ ’ਤੇ ਆਪਣੀ ਸਭ ਤੋਂ ਖਰਾਬ ਰੇਟਿੰਗ 39ਵੇਂ ਸਥਾਨ ’ਤੇ ਆ ਗਈ ਹੈ।

Monash University, University of Sydney, University of Queensland, ਅਤੇ Australian National University ਸਮੇਤ ਜ਼ਿਆਦਾਤਰ ਵੱਡੀਆਂ ਸੰਸਥਾਵਾਂ ਦੀ ਰੇਟਿੰਗ ਵਿੱਚ ਵੀ ਗਿਰਾਵਟ ਆਈ। ਆਸਟ੍ਰੇਲੀਆ ਦੀਆਂ 17 ਯੂਨੀਵਰਸਿਟੀਆਂ ਦੀ ਰੈਂਕਿੰਗ ’ਚ ਗਿਰਾਵਟ ਵੇਖੀ ਗਈ, ਜਿਨ੍ਹਾਂ ’ਚੋਂ 7 ਨੂੰ 2016 ਤੋਂ ਬਾਅਦ ਸਭ ਤੋਂ ਖਰਾਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਸਿਰਫ ਚਾਰ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ, ਜਿਸ ਵਿੱਚ UNSW, Macquarie University, Deakin University ਅਤੇ Federation University Australia ਸ਼ਾਮਲ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਵਿਸ਼ਵ ਵਿਆਪੀ ਅਕਾਦਮਿਕ ਸਾਖ ਵਿੱਚ ਗਿਰਾਵਟ ਦਾ ਕਾਰਨ ਫੰਡਿੰਗ ਵਿੱਚ ਕਮੀ, ਕੋਵਿਡ-19 ਕਾਰਨ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਉਣ ਵਾਲੇ ਮਾਲੀਆ ਦੇ ਨੁਕਸਾਨ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਸਰਕਾਰ ਵੱਲੋਂ ਹੱਦ ਲਗਾਏ ਜਾਣ ਕਾਰਨ ਹੈ। ‘ਟਾਈਮਜ਼ ਹਾਇਰ ਐਜੂਕੇਸ਼ਨ’ ਦੇ ਬੁਲਾਰੇ ਫਿਲ ਬੈਟੀ ਨੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਲਈ ‘ਗੰਭੀਰ ਚੇਤਾਵਨੀ ਸੰਕੇਤਾਂ’ ਬਾਰੇ ਚੇਤਾਵਨੀ ਦਿੱਤੀ ਹੈ, ਜਦੋਂ ਕਿ ਫੈਡਰਲ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਰੈਂਕਿੰਗ ਨਾਲੋਂ ਵਿਦਿਆਰਥੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।