ਮੈਲਬਰਨ : ਲੇਬਨਾਨ ਛੱਡਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੈਂਕੜੇ ਸੀਟਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਦੇਸ਼ ਦੇ ਦੱਖਣ ਵਿਚ ਹਮਲਾਵਰ ਇਜ਼ਰਾਈਲੀ ਸੈਨਿਕਾਂ ਅਤੇ ਹਿਜ਼ਬੁੱਲਾ ਲੜਾਕਿਆਂ ਵਿਚਾਲੇ ਘਾਤਕ ਝੜਪਾਂ ਸ਼ੁਰੂ ਹੋ ਗਈਆਂ ਹਨ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਲੇਬਨਾਨ ਵਿਚ ਲਗਭਗ 1700 ਆਸਟ੍ਰੇਲੀਆਈ ਅਤੇ ਪਰਿਵਾਰਕ ਮੈਂਬਰ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਸਾਈਪ੍ਰਸ ਜਾਣ ਵਾਲੀਆਂ ਦੋ ਉਡਾਣਾਂ ਵਿਚ ਆਸਟ੍ਰੇਲੀਆਈ ਪੱਕੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ 500 ਵਾਧੂ ਸੀਟਾਂ ਦਾ ਐਲਾਨ ਕੀਤਾ। ਵੋਂਗ ਨੇ ਕਿਹਾ, ‘‘ਲੇਬਨਾਨ ’ਚ ਰਹਿਣ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਮੇਰਾ ਸੰਦੇਸ਼ ਹੈ ਕਿ ਉਡੀਕ ਨਾ ਕਰੋ। ਜੋ ਕੋਈ ਵੀ ਜਹਾਜ਼ ’ਚ ਸੀਟ ਸੁਰੱਖਿਅਤ ਕਰ ਸਕਦਾ ਹੈ ਉਹ ਤੁਰੰਤ ਲੈ ਲਵੇ।’’ ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ਦੇ ਵਿਗੜਨ ਨੂੰ ਲੈ ਕੇ ਬਹੁਤ ਚਿੰਤਤ ਹਾਂ। ਜੇਕਰ ਬੇਰੂਤ ਹਵਾਈ ਅੱਡਾ ਬੰਦ ਹੋ ਜਾਂਦਾ ਹੈ ਤਾਂ ਉਡਾਣ ਭਰਨ ਦੇ ਬਦਲ ਹੋਰ ਵੀ ਘੱਟ ਹੋ ਜਾਣਗੇ।