ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਸੁਣਵਾਈ ਪੰਜਵੀਂ ਵਾਰੀ ਮੁਲਤਵੀ, ਅਦਾਲਤ ਬਾਹਰ ਭਾਰੀ ਪ੍ਰਦਰਸ਼ਨ

ਮੈਲਬਰਨ : ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਮੁਲਜ਼ਮ ਚਾਰ ਭਾਰਤੀ ਵਿਅਕਤੀਆਂ ਦੇ ਕਤਲ ਦੀ ਸੁਣਵਾਈ ਇੱਕ ਵਾਰੀ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਕੇਸ ਦੀ ਸੁਣਵਾਈ ਹੁਣ 21 ਨਵੰਬਰ ਨੂੰ ਹੋਵੇਗੀ। ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਬਾਹਰ ਨਿੱਝਰ ਦਾ 18 ਜੂਨ, 2023 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਾਲ 15 ਮਈ ’ਚ ਤੋਂ ਸੁਣਵਾਈ ਨੂੰ ਪੰਜਵੀਂ ਵਾਰ ਮੁਲਤਵੀ ਕੀਤਾ ਗਿਆ ਹੈ।

ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ’ਤੇ ਕਤਲ ਅਤੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਸਰਕਾਰੀ ਵਕੀਲ ਨੇ ਬਚਾਅ ਪੱਖ ਨੂੰ ਅਧੂਰੇ ਖੁਲਾਸੇ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਇਹ ਮਾਮਲਾ ਵਿਵਾਦਾਂ ਨਾਲ ਘਿਰਿਆ ਹੋਇਆ ਹੈ, ਪ੍ਰਧਾਨ ਮੰਤਰੀ ਟਰੂਡੋ ਨੇ ਪਹਿਲਾਂ ਕਿਹਾ ਸੀ ਕਿ ਇਸ ਕਤਲ ਨਾਲ ਭਾਰਤ ਸਰਕਾਰ ਦੇ ਏਜੰਟਾਂ ਨੂੰ ਜੋੜਨ ਵਾਲੀ ਭਰੋਸੇਯੋਗ ਖੁਫੀਆ ਜਾਣਕਾਰੀ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਅੱਜ ਅਦਾਲਤ ਬਾਹਰ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਝੰਡੇ ਸਾੜੇ ਅਤੇ ਭਾਰਤ ਦੀ ਕਥਿਤ ਖੌਫ਼ ਪੈਦਾ ਕਰਨ ਦੀ ਮੁਹਿੰਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਖਾਲਿਸਤਾਨ ਸਮਰਥਕ ਸਿੱਖਾਂ ਦੀ ਸੁਰੱਖਿਆ ਅਤੇ ਆਜ਼ਾਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।