ਹਰਬਲ ਚਾਹ ਨਾਲ ਵੀ ਜਾ ਸਕਦੀ ਹੈ ਜਾਨ! ਹਰਬਲ ਚਾਹ ਪੀਣ ਮਗਰੋਂ ਔਰਤ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ’ਤੇ ਲੱਗੀ ਪਾਬੰਦੀ

ਮੈਲਬਰਨ : ਹਰਬਲ ਚਾਹ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਲੋਕ ਇਸ ਦੀ ਬਹੁਤ ਵਰਤੋਂ ਕਰਦੇ ਹਨ। ਪਰ ਕਈ ਵਾਰ ਇਹ ਘਾਤਕ ਵੀ ਹੋ ਸਕਦੀ ਹੈ। ਹਾਲ ਹੀ ’ਚ ਆਸਟ੍ਰੇਲੀਆ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚੀਨੀ ਮੂਲ ਦੇ ਡਾਕਟਰ ਨੇ ਦਿਲ ਦੀ ਮਰੀਜ਼ ਔਰਤ ਨੂੰ ਹਰਬਲ ਚਾਹ ਦਿੱਤੀ। ਇਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਇਸ ਡਾਕਟਰ ’ਤੇ ਤਿੰਨ ਸਾਲ ਲਈ ਪ੍ਰੈਕਟਿਸ ਕਰਨ ’ਤੇ ਪਾਬੰਦੀ ਲਗਾਈ ਗਈ ਹੈ।

ਡਾਕਟਰ ਵੱਲੋਂ ਦਿੱਤੀ ਚਾਹ ਨੂੰ ਪੀਣ ਤੋਂ ਬਾਅਦ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਸ਼ੁਕੁਆਨ ਲਿਯੂ ਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਵਰਗੀ ਵੱਡੀ ਸ਼ਖਸੀਅਤ ਦਾ ਇਲਾਜ ਵੀ ਕੀਤਾ ਹੈ।

ਔਰਤ ਨੇ ਭਾਰ ਘਟਾਉਣ ਲਈ ਜਨਵਰੀ 2018 ਵਿੱਚ ਡਾਕਟਰ ਲਿਯੂ ਦੇ ਕਲੀਨਿਕ ਵਿੱਚ ਇਲਾਜ ਕਰਵਾਇਆ ਸੀ। ਇਸ ਦੌਰਾਨ ਉਸ ਨੇ ਲਗਭਗ 16 ਵਾਰ ਡਾਕਟਰ ਨਾਲ ਸਲਾਹ-ਮਸ਼ਵਰਾ ਕੀਤਾ। ਪਰ ਡਾਕਟਰ ਨੇ ਕਦੇ ਵੀ ਔਰਤ ਨੂੰ ਉਸ ਦੇ ਦਿਲ ਦੀ ਸਿਹਤ ਬਾਰੇ ਨਹੀਂ ਪੁੱਛਿਆ। ਮੌਤ ਦਾ ਕਾਰਨ ਪੋਟਾਸ਼ੀਅਮ ਦੀ ਕਮੀ ਅਤੇ ਦਿਲ ਦਾ ਦੌਰਾ ਦੱਸਿਆ ਗਿਆ ਸੀ। ਹਰਬਲ ਚਾਹ ’ਚ ਕੈਫੀਨ ਨਹੀਂ ਹੁੰਦੀ, ਕਿਉਂਕਿ ਇਹ ਚਾਹ ਮਸਾਲਿਆਂ ਅਤੇ ਸੁੱਕੇ ਫੁੱਲਾਂ ਨਾਲ ਮਿਲਾਏ ਜੜੀ-ਬੂਟੀਆਂ ਤੋਂ ਬਣਾਈ ਜਾਂਦੀ ਹੈ। ਇਸ ਦੀ ਜ਼ਿਆਦਾ ਵਰਤੋਂ ਸਰੀਰ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ।

Source : www.news.com.au