ਮੈਲਬਰਨ : ਆਸਟ੍ਰੇਲੀਆ ਹੁਣ ਭਾਰਤ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤੇ (CECA) ’ਤੇ ਜ਼ੋਰ ਦੇ ਰਿਹਾ ਹੈ, ਜਿਸ ਦਾ ਉਦੇਸ਼ ਦਸੰਬਰ 2022 ’ਚ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ECTA) ਦੀ ਸਫਲਤਾ ਨੂੰ ਹੋਰ ਅੱਗੇ ਵਧਾਉਣਾ ਹੈ। CECA ਗੱਲਬਾਤ, ਜੋ 2011 ਵਿੱਚ ਸ਼ੁਰੂ ਹੋਈ ਅਤੇ 2021 ਵਿੱਚ ਦੁਬਾਰਾ ਸ਼ੁਰੂ ਹੋਈ, ਵਸਤੂਆਂ ਅਤੇ ਸੇਵਾਵਾਂ ਵਿੱਚ ਦੁਵੱਲੇ ਵਪਾਰ ਨੂੰ ਉਦਾਰ ਬਣਾਉਣ ਅਤੇ ਵਧਾਉਣ ‘ਤੇ ਕੇਂਦਰਿਤ ਹੈ।
ਜ਼ਿਕਰਯੋਗ ਹੈ ਕਿ ECTA ਦਸੰਬਰ 2022 ਵਿੱਚ ਲਾਗੂ ਹੋਣ ਤੋਂ ਬਾਅਦ ਇੱਕ ਬਹੁਤ ਲਾਹੇਵੰਦ ਰਿਹਾ ਹੈ। ਆਸਟ੍ਰੇਲੀਆ ਦਾ 30 ਅਰਬ ਡਾਲਰ ਦਾ ਨਿਰਯਾਤ ਟੈਰਿਫ ਮੁਕਤ ਹੋ ਗਿਆ ਹੈ, ਜਿਸ ਨਾਲ ਆਸਟ੍ਰੇਲੀਆਈ ਨਾਗਰਿਕਾਂ ਨੂੰ ਭਾਰਤੀ ਵਸਤਾਂ ’ਤੇ ਲਗਭਗ 22.5 ਕਰੋੜ ਡਾਲਰ ਦੀ ਬਚਤ ਹੋਈ ਹੈ।
ਐਡੀਲੇਡ ‘ਚ 19ਵੇਂ ਆਸਟਰੇਲੀਆ-ਭਾਰਤ ਸੰਯੁਕਤ ਮੰਤਰੀ ਕਮਿਸ਼ਨ ‘ਚ ਭਾਰਤੀ ਵਪਾਰ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਤੋਂ ਪਹਿਲਾਂ ਆਸਟ੍ਰੇਲੀਆ ਦੇ ਟਰੇਡ ਅਤੇ ਟੂਰਿਜ਼ਮ ਮੰਤਰੀ Don Farrell ਨੇ ਕਿਹਾ, ‘‘ਭਾਰਤ ਨਾਲ ਸਾਡੇ ਅਗਲੇ ਕਾਰੋਬਾਰ ਸਮਝੌਤੇ CECA ਬਾਰੇ ਗੱਲਬਾਤ ਜਾਰੀ ਹੈ।’’ CECA ਦੋਹਾਂ ਦੇਸ਼ਾਂ ਵਿਚਕਾਰ ਮੁਕਤ ਵਪਾਰ ਸਮਝੌਤਾ ਹੈ ਜੋ ਕਿ ਦੁਵੱਲੇ ਰਿਸ਼ਤੇ ਮਜ਼ਬੂਤ ਬਣਾਏਗਾ। ਆਸਟ੍ਰੇਲੀਆ ਸਰਕਾਰ ਨੇ ਸਵੱਛ ਊਰਜਾ, ਖੇਤੀਬਾੜੀ ਕਾਰੋਬਾਰ, ਸਿੱਖਿਆ, ਹੁਨਰ ਅਤੇ ਸੈਰ-ਸਪਾਟਾ ਵਿੱਚ ਵਿਕਾਸ ਦੇ ਮੌਕਿਆਂ ਨੂੰ ਉਜਾਗਰ ਕਰਦਿਆਂ ਭਾਰਤ ਨਾਲ ਆਰਥਿਕ ਸਬੰਧਾਂ ਲਈ ਇੱਕ ਨਵੇਂ ਰੋਡਮੈਪ ’ਤੇ ਸਲਾਹ-ਮਸ਼ਵਰਾ ਪੂਰਾ ਕਰ ਲਿਆ ਹੈ।