ਪਤਨੀ ਤੋਂ ਖਹਿੜਾ ਛੁਡਾਉਣਾ ਪਿਆ ਮਹਿੰਗਾ, ਪਾਕਿਸਤਾਨੀ ਮੂਲ ਦਾ ਵਿਅਕਤੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ : ਪੱਛਮੀ ਸਿਡਨੀ ਦੇ ਇਕ 29 ਸਾਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੀ ਤਸਕਰੀ ਕਰ ਕੇ ਪਾਕਿਸਤਾਨ ਭੇਜਣ ਦੇ ਦੋਸ਼ ਵਿਚ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਉਸ ਨੂੰ 25 ਸਤੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਕੋਲ ਨਵੰਬਰ 2023 ’ਚ ਰਿਪੋਰਟ ਕੀਤੀ ਗਈ ਸੀ ਕਿ ਇਹ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਿਨਾਂ ਦਸਤਾਵੇਜ਼ਾਂ ਦੇ ਪਾਕਿਸਤਾਨ ਛੱਡ ਕੇ ਵਾਪਸ ਆਸਟ੍ਰੇਲੀਆ ਆ ਗਿਆ। ਪਰਵਾਰ ਜੁਲਾਈ 2023 ’ਚ ਪਾਕਿਸਤਾਨ ਗਿਆ ਸੀ। ਉਸ ’ਤੇ ਧੋਖੇ ਨਾਲ ਦੇਸ਼ ਤੋਂ ਬਾਹਰ ਤਸਕਰੀ ਕਰਨ ਦਾ ਦੋਸ਼ ਹੈ, ਜਿਸ ਵਿਚ ਵੱਧ ਤੋਂ ਵੱਧ 12 ਸਾਲ ਦੀ ਸਜ਼ਾ ਹੋ ਸਕਦੀ ਹੈ।

ਵਿਅਕਤੀ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੀ ਪਤਨੀ ਨੂੰ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਅਫ਼ਗਾਨਿਸਤਾਨ ਜਾ ਰਿਹਾ ਹੈ। ਸਤੰਬਰ, 2023 ’ਚ ਉਸ ਦੀ ਪਤਨੀ ਨੂੰ ਪਤਾ ਲੱਗਾ ਕਿ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਆਸਟ੍ਰੇਲੀਆ ਪਹੁੰਚ ਗਿਆ ਹੈ। AFP ਨੇ ਵਿਦੇਸ਼ ਵਿਭਾਗ ਨਾਲ ਮਿਲ ਕੇ ਪੀੜਤ ਔਰਤ ਅਤੇ ਉਸ ਦੇ ਬੱਚਿਆਂ ਦੀ ਸੁਰੱਖਿਅਤ ਆਸਟ੍ਰੇਲੀਆ ਵਾਪਸੀ ਯਕੀਨੀ ਬਣਾਈ। ਪੁਲਿਸ ਨੇ ਵਿਅਕਤੀ ਦੇ Auburn ਵਿਖੇ ਸਥਿਤ ਘਰ ’ਚ ਛਾਪੇ ਮਾਰ ਕੇ ਕਈ ਸਬੂਤ ਇਕੱਠੇ ਕੀਤੇ।