PM Albanese ਨੇ PM Modi ਨਾਲ ਕੀਤੀ ਮੁਲਾਕਾਤ, ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਪ੍ਰਗਟਾਈ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਭਾਰਤ ਦੇ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਵਿਲਮਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਰਵਾਏ ‘ਕਵਾਡ’ ਸਿਖਰ ਸੰਮੇਲਨ ਤੋਂ ਇਲਾਵਾ ਮੁਲਾਕਾਤ ਕੀਤੀ। Albanese ਅਤੇ ਮੋਦੀ ਨੇ ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਅਪਣੀ ਵਚਨਬੱਧਤਾ ਜ਼ਾਹਰ ਕੀਤੀ, ਜਦਕਿ ਮੋਦੀ ਨੇ ਕਿਹਾ ਕਿ ਉਹ ਆਸਟ੍ਰੇਲੀਆ ਨਾਲ ‘ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਦੋਸਤੀ’ ਤੋਂ ਆਨੰਦਿਤ ਹਨ।

Albanese ਨੇ ਟਵੀਟ ਕੀਤਾ, ‘‘ਅੱਜ ਕਵਾਡ ਸਿਖਰ ਸੰਮੇਲਨ ਦੌਰਾਨ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰ ਕੇ ਬਹੁਤ ਵਧੀਆ ਲੱਗਾ।’’ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਵਿਸਥਾਰ ਪੂਰਵਕ ਚਰਚਾ ਹੋਈ। ਅਸੀਂ ਵਪਾਰ, ਸੁਰੱਖਿਆ, ਪੁਲਾੜ ਅਤੇ ਸਭਿਆਚਾਰ ਵਰਗੇ ਖੇਤਰਾਂ ’ਚ ਹੋਰ ਗਤੀ ਲਿਆਉਣਾ ਚਾਹੁੰਦੇ ਹਾਂ। ਭਾਰਤ ਸਮੇਂ ਦੀ ਪਰਖ ਕੀਤੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ।’’

ਭਾਰਤੀ ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਲਾਵੇਅਰ ਦੇ ਵਿਲਮਿੰਗਟਨ ’ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਸੀ ਲਾਭ ਅਤੇ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਭਾਰਤ-ਆਸਟਰੇਲੀਆ ਦੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਪਣੀ ਵਚਨਬੱਧਤਾ ਦੁਹਰਾਈ।’’

ਇਹ ਵੀ ਪੜ੍ਹੋ : Quad Leaders’ Summit ਲਈ ਰਵਾਨਾ ਹੋਏ PM Albanese, ਆਸਟ੍ਰੇਲੀਆ ’ਚ ਭਾਰਤੀ ਜਾਸੂਸੀ ਗਤੀਵਿਧੀਆਂ ਬਾਰੇ PM Modi ਨੂੰ ਘੇਰਨ ਦੀ ਯੋਜਨਾ – Sea7 Australia