ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਆਸਟ੍ਰੇਲੀਆ ਵਿੱਚ ਭਾਰਤ ਦੀਆਂ ਕਥਿਤ ਜਾਸੂਸੀ ਗਤੀਵਿਧੀਆਂ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਹਮਣੇ ਚੁੱਕਣ ਦੀ ਯੋਜਨਾ ਬਣਾਈ ਹੈ। ਦੋਵੇਂ ਨੇਤਾ ਅਮਰੀਕਾ ’ਚ ਹੋਣ ਜਾ ਰਹੇ ਕਵਾਡ ਲੀਡਰਜ਼ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅਮਰੀਕਾ ਗਏ ਹਨ। ਇਹ ਦੋਵੇਂ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਕਿਸ਼ੀਦਾ ਫੂਮਿਓ ਦੇ ਨਾਲ ਭਾਰਤ-ਪ੍ਰਸ਼ਾਂਤ ਸੁਰੱਖਿਆ ’ਤੇ ਚਰਚਾ ਕਰਨਗੇ।
ਆਸਟ੍ਰੇਲੀਆ ’ਚ ਭਾਰਤੀ ਜਾਸੂਸੀ ਦਾ ਮੁੱਦਾ 2021 ਤੋਂ ਪੈਦਾ ਹੋਇਆ ਹੈ, ਜਦੋਂ ਆਸਟ੍ਰੇਲੀਆਈ ਅਧਿਕਾਰੀਆਂ ਨੇ ਰੱਖਿਆ ਅਤੇ ਵਪਾਰਕ ਭੇਤ ਚੋਰੀ ਕਰਨ ਦੇ ਨਾਲ-ਨਾਲ ਆਸਟ੍ਰੇਲੀਆ ਵਿਚ ਭਾਰਤੀ ਪ੍ਰਵਾਸੀਆਂ, ਖ਼ਾਸਕਰ ਿਸੱਖਾਂ, ਦੀ ਨਿਗਰਾਨੀ ਕਰਨ ਦੇ ਦੋਸ਼ ਵਿਚ ਕਈ ਭਾਰਤੀ ਖੁਫੀਆ ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ ਸੀ। PM Albanese ਦਾ ਉਦੇਸ਼ ਇਸ ਮੁੱਦੇ ਨੂੰ ਕੂਟਨੀਤਕ ਤੌਰ ’ਤੇ ਹੱਲ ਕਰਨਾ ਹੈ, ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਆਸਟ੍ਰੇਲੀਆ ਦੀ ਧਰਤੀ ’ਤੇ ਜਾਸੂਸੀ ਕਰਨ ਤੋਂ ਪਰਹੇਜ਼ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੱਲਬਾਤ ਨਿੱਜੀ ਤੌਰ ‘ਤੇ ਕੀਤੀ ਜਾਵੇਗੀ, ਜਿਵੇਂ ਕਿ ਕੂਟਨੀਤਕ ਮਾਮਲਿਆਂ ਵਿੱਚ ਰਵਾਇਤ ਹੈ।