Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਦਾਲਤ ’ਚ ਪੇਸ਼, ਸਿੱਖਾਂ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ

ਮੈਲਬਰਨ : Perth ਦੇ ਸਬਅਰਬ Canning Vale ਸਥਿਤ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਦੀ ਫੁਟੇਜ TikTok ’ਤੇ ਅਪਲੋਡ ਕਰਨ ਦੇ ਦੋਸ਼ ’ਚ ਅੱਜ ਖਿਜਰ ਹਯਾਤ (20) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ’ਚ ਉਸ ਨੇ ਆਪਣੇ ’ਤੇ ਲੱਗੇ ਬੇਅਦਬੀ ਦੇ ਦੋਸ਼ ਕਬੂਲ ਲਏ ਹਨ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ।

ਅਦਾਲਤ ਨੇ ਉਸ ਨੂੰ 10,000 ਡਾਲਰ ਦੇ ਨਿੱਜੀ ਮੁਚਲਕੇ ’ਤੇ ਸਖਤ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਉਹ ਜੇਲ੍ਹ ਵਿੱਚ ਰਿਮਾਂਡ ’ਤੇ ਸੀ। ਜ਼ਮਾਨਤ ਦੀਆਂ ਸ਼ਰਤਾਂ ਅਨੁਸਾਰ ਉਸ ਦੇ ਸੋਸ਼ਲ ਮੀਡੀਆ ਪ੍ਰਯੋਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤਕ ਘਰ ਤੋਂ ਬਾਹਰ ਵੀ ਨਹੀਂ ਜਾ ਸਕੇਗਾ। ਉਸ ਨੂੰ ਰੋਜ਼ਾਨਾ ਪੁਲਿਸ ਨੂੰ ਰਿਪੋਰਟ ਕਰਨਾ ਹੋਵੇਗਾ।

ਖਿਜਰ ਬਾਰੇ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਉਹ ਸਿਰਫ਼ ਮਾਫ਼ੀ ਮੰਗ ਕੇ ਅਤੇ ਜੁਰਮਾਨਾ ਦੇ ਕੇ ਬਚ ਕੇ ਨਿਕਲ ਸਕਦਾ ਹੈ, ਜਿਸ ਕਾਰਨ ਸਿੱਖਾਂ ਨੇ ਨਫ਼ਰਤੀ ਵਿਤਕਰੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। 50 ਤੋਂ ਵੱਧ ਲੋਕਾਂ ਨੇ ਅੱਜ ਆਰਮਾਡੇਲ ਮੈਜਿਸਟ੍ਰੇਟ ਅਦਾਲਤ ਬਾਹਰ ਵੀ ਪ੍ਰਦਰਸ਼ਨ ਕੀਤਾ ਅਤੇ ਨਸਲੀ ਵਿਤਕਰਾ ਕਾਨੂੰਨ ਵਿੱਚ ਬਦਲਾਅ ਕੀਤੇ ਜਾਣ ਦੀ ਮੰਗ ਕੀਤੀ ਗਈ।

ਮੀਡਿਆ ਰਿਪੋਰਟ ਮੁਤਾਬਿਕ ਹਯਾਤ ਨੇ 27 ਅਗਸਤ ਨੂੰ Canning Vale ਗੁਰਦੁਆਰੇ ਦੇ ਬਾਹਰ ਪਵਿੱਤਰ ਗੁਟਕੇ ਦੀ ਬੇਅਦਬੀ ਕੀਤੀ ਸੀ। ਉਹ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ। ‘Sikh Association of WA’ ਅਤੇ ਵਿਆਪਕ ਸਿੱਖ ਭਾਈਚਾਰੇ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਆਸਟ੍ਰੇਲੀਆ ਦੇ ਇਤਿਹਾਸ ਦੀ ਅਜਿਹੀ ਪਹਿਲੀ ਘਟਨਾ ਹੈ।