ਮੈਲਬਰਨ : ਇੱਕ ਪਾਸੇ ਜਿੱਥੇ ਮੈਲਬਰਨ CBD ਵਿੱਚ ਹੋ ਰਹੇ Land Forces Expo ਵਾਲੀ ਥਾਂ ਦੇ ਬਾਹਰ ਦੋ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਬਾਹਰ ਹੋ ਰਹੇ ਹਨ, ਉਥੇ Expo ਅੰਦਰ ਬਹੁਤ ਸਾਰੀਆਂ ਕੰਪਨੀਆਂ ਆਪਣੇ ਉਤਪਾਦਾਂ ਨੂੰ ਉਤਸ਼ਾਹਤ ਕਰਨ ’ਤੇ ਧਿਆਨ ਕੇਂਦਰਤ ਕਰ ਰਹੀਆਂ ਹਨ ਜਿਨ੍ਹਾਂ ਦਾ ਕਾਰੋਬਾਰ ਆਮ ਵਾਂਗ ਚਲ ਰਿਹਾ ਹੈ।
Land Forces Expo ’ਚ ਆਪਣੇ ਰੱਖਿਆ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ 45 ਦੇਸ਼ਾਂ ਦੀਆਂ 700 ਤੋਂ ਵੱਧ ਕੰਪਨੀਆਂ ਆਈਆਂ ਹਨ। ਇਹ ਪ੍ਰੋਗਰਾਮ ਕਾਰੋਬਾਰਾਂ ਲਈ ਫੈਸਲੇ ਲੈਣ ਵਾਲਿਆਂ ਅਤੇ ਸੰਭਾਵਿਤ ਖਰੀਦਦਾਰਾਂ ਨਾਲ ਜੁੜਨ ਦਾ ਇਕ ਮਹੱਤਵਪੂਰਣ ਮੌਕਾ ਹੈ, ਖ਼ਾਸਕਰ ਏਸ਼ੀਆ ਪ੍ਰਸ਼ਾਂਤ ਖੇਤਰ ਤੋਂ, ਜਿਸ ਨੇ ਪਿਛਲੇ ਸਾਲ ਰੱਖਿਆ ’ਤੇ 480 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਸਨ।
ਇਨ੍ਹਾਂ ਹਥਿਆਰਾਂ ’ਚ ਮਨੁੱਖ ਰਹਿਤ ਜ਼ਮੀਨੀ ਗੱਡੀਆਂ ਤੋਂ ਲੈ ਕੇ ਮੈਡੀਕਲ ਉਪਕਰਣਾਂ ਤੱਕ ਸ਼ਾਮਲ ਹਨ। ਕੁਝ ਪ੍ਰਦਰਸ਼ਕਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਆਪਣੇ ਕੰਮ ਦੀ ਕਿਸਮ ਨੂੰ ਗਲਤ ਸਮਝਦੇ ਹਨ। ਪ੍ਰਦਰਸ਼ਕਾਂ ਨੇ ਸ਼ਾਂਤੀਪੂਰਨ ਕਾਰੋਬਾਰ ਅਤੇ ਲੋਕਤੰਤਰ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ’ਤੇ ਜ਼ੋਰ ਦਿਤਾ ਅਤੇ ਕਿਹਾ ਕਿ ਉਨ੍ਹਾਂ ਦਾ ਕੰਮ ਰੂਸੀ ਜ਼ੁਲਮ ਦੇ ਵਿਰੁੱਧ ਯੂਕਰੇਨ ਵਰਗੇ ਦੇਸ਼ਾਂ ਦਾ ਸਮਰਥਨ ਕਰਨਾ ਹੈ।
Expo ਦੇ ਬਾਹਰ ਜੰਗ-ਵਿਰੋਧੀ ਪ੍ਰਦਰਸ਼ਨਾਂ ਦੇ ਦੂਜੇ ਦਿਨ ਵੀ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਅੱਜ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਸਿਰਫ਼ 150 ਲੋਕ ਪ੍ਰਦਰਸ਼ਨ ਕਰਨ ਲਈ ਇਕੱਠਾ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ 19 ਸਾਲ ਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ‘ਵਿਕਟੋਰੀਆ ਸਰਕਾਰ ਵੱਲੋਂ ਦੁਨੀਆ ਦੇ ਸਭ ਤੋਂ ਵੱਡੀ ਹਥਿਆਰਾਂ ਦੀ ਕਾਨਫ਼ਰੰਸ ’ਚੋਂ ਇੱਕ ਵਿਰੁਧ’ ਆਪਣੇ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਰਹੇਗਾ। Aidan Hawe ਨੇ ਕਿਹਾ, ‘‘ਇਸ Expo ’ਚ ਇਜ਼ਰਾਈਲੀ ਹਥਿਆਰ ਕੰਪਨੀਆਂ ਵੀ ਆਈਆਂ ਹਨ ਜੋ ਕਹਿ ਰਹੀਆਂ ਹਨ ਕਿ ਉਨ੍ਹਾਂ ਦੇ ਹਥਿਆਰ ਜੰਗ ’ਚ ਪਰਖੇ ਹੋਏ ਹਨ। ਜਦੋਂ ਤਕ ਸਾਡੀ ਸਰਕਾਰ ਉਨ੍ਹਾਂ ਨੂੰ ਪੈਸਾ ਦਿੰਦੀ ਰਹੇਗੀ ਉਦੋਂ ਤਕ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ।’’
ਕਲ ਜਿਨ੍ਹਾਂ 42 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਨ੍ਹਾਂ ’ਚ Aidan Hawe ਵੀ ਇੱਕ ਸੀ। ਉਸ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁਧ ਵਿਕਟੋਰੀਆ ਪੁਲਿਸ ਦੀ ਹਿੰਸਾਤਮਕ ਕਾਰਵਾਈ ਤੋਂ ‘ਹੈਰਾਨ’ ਹੈ।