ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan 15 ਸਤੰਬਰ, 2024 ਤੋਂ ਸ਼ੁਰੂ ਹੋਣ ਵਾਲੀ ਭਾਰਤ ਦੀ ਚਾਰ ਦਿਨਾਂ ਮਹੱਤਵਪੂਰਨ ਯਾਤਰਾ ‘ਤੇ ਜਾਣ ਲਈ ਤਿਆਰ ਹਨ। ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਤ ਅੰਤਰਰਾਸ਼ਟਰੀ ਯਾਤਰਾ ਹੋਵੇਗੀ। ਇਸ ਦੌਰਾਨ ਸੈਰ-ਸਪਾਟਾ, ਤਕਨਾਲੋਜੀ, ਫਿਲਮ ਅਤੇ ਸਿੱਖਿਆ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਵਿਕਟੋਰੀਆ ਅਤੇ ਭਾਰਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਵੇਗੀ।
ਮੀਡੀਆ ਨਾਲ ਗੱਲਬਾਤ ’ਚ Allan ਨੇ ਕਿਹਾ ਕਿ ਉਹ ਭਾਰਤ ਲਈ ਇਹ ਸੰਦੇਸ਼ ਲੈ ਕੇ ਰਵਾਨਾ ਹੋਣਗੇ ਕਿ ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ’ਤੇ ਹੱਦ ਲੱਗਣ ਦੇ ਬਾਵਜੂਦ ਵਿਕਟੋਰੀਆ ਵਿਦੇਸ਼ੀ ਵਿਦਿਆਰਥੀਆਂ ਲਈ ਸਵਾਗਤ ਯੋਗ ਸਥਾਨ ਬਣਿਆ ਹੋਇਆ ਹੈ। ਯਾਤਰਾ ਤੋਂ ਪਹਿਲਾਂ ਪ੍ਰੀਮੀਅਰ ਐਲਨ ਅਤੇ ਬਹੁ-ਸੱਭਿਆਚਾਰਕ ਮੰਤਰੀ ਇੰਗਰਿਡ ਸਟਿਟ ਨੇ ਵਿਕਟੋਰੀਆ ਦੀ ਸੰਸਦ ਵਿਚ ਭਾਰਤੀ-ਆਸਟ੍ਰੇਲੀਆਈ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਨਾਲ ਇਕ ਮਹੱਤਵਪੂਰਨ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਵੀ ਕੀਤੀ। ਇਹ ਭਾਰਤੀ ਆਸਟ੍ਰੇਲੀਆਈ ਲੋਕਾਂ ਲਈ ਚਿੰਤਾਵਾਂ ਨੂੰ ਉਠਾਉਣ ਅਤੇ ਆਪਣੇ ਭਾਈਚਾਰੇ ਦੇ ਅੰਦਰ ਦਬਾਅ ਵਾਲੇ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦਾ ਮੌਕਾ ਸੀ।