ਬ੍ਰਿਸਬੇਨ ’ਚ 9 ਮਹੀਨਿਆਂ ਦੇ ਬੱਚੇ ’ਤੇ ਗਰਮ ਕੌਫ਼ੀ ਸੁੱਟਣ ਵਾਲਾ ਆਸਟ੍ਰੇਲੀਆ ਤੋਂ ਹੋਇਆ ਫ਼ਰਾਰ, ਪੁਲਿਸ ਦੀ ਕਾਰਵਾਈ ’ਤੇ ਉੱਠੇ ਸਵਾਲ

ਮੈਲਬਰਨ : 27 ਅਗਸਤ ਨੂੰ ਬ੍ਰਿਸਬੇਨ ਦੇ ਇੱਕ ਪਾਰਕ ’ਚ ਆਪਣੀ ਮਾਂ ਨਾਲ ਪਿਕਨਿਕ ਮਨਾ ਰਹੇ ਇੱਕ ਛੋਟੇ ਬੱਚੇ ’ਤੇ ਗਰਮ ਕੌਫ਼ੀ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਵਾਲਾ ਵਿਅਕਤੀ ਆਸਟ੍ਰੇਲੀਆ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਹੈ। 9 ਮਹੀਨਿਆਂ ਦਾ Luka ਅਜੇ ਤਕ ਜ਼ੇਰੇ ਇਲਾਜ ਹੈ ਅਤੇ ਉਸ ਦੇ ਕਈ ਆਪਰੇਸ਼ਨ ਹੋ ਚੁੱਕੇ ਹਨ ਪਰ ਜਲਣ ਦੇ ਨਿਸ਼ਾਨ ਜ਼ਿੰਦਗੀ ਭਰ ਉਸ ਦੇ ਮੂੰਹ ’ਤੇ ਰਹਿਣ ਦੀ ਸੰਭਾਵਨਾ ਹੈ।

ਹਮਲਾਵਰ ਦੀ ਪਛਾਣ 33 ਸਾਲ ਦੇ ਏਸ਼ੀਆਈ ਮੂਲ ਦੇ ਵਿਅਕਤੀ ਵਜੋਂ ਹੋਈ ਹੈ ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਆਸਟ੍ਰੇਲੀਆ ਛੱਡ ਕੇ ਭੱਜਣ ’ਚ ਕਾਮਯਾਬ ਰਿਹਾ। ਉਹ 2019 ’ਚ ਆਸਟ੍ਰੇਲੀਆ ਆਇਆ ਸੀ ਅਤੇ NSW ਤੇ ਵਿਕਟੋਰੀਆਂ ਦੋਹਾਂ ਸਟੇਟਾਂ ’ਚ ਰਹਿੰਦਾ ਰਿਹਾ ਹੈ। ਇੰਸਪੈਕਟਰ ਡਾਲਟਨ ਨੇ ਕਿਹਾ ਕਿ ਉਹ ਪੁਲਿਸ ਜਾਂਚ ਦੇ ਤੌਰ-ਤਰੀਕਿਆਂ ਤੋਂ ਵਾਕਫ਼ ਸੀ ਅਤੇ ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ’ਤੇ ਨਜ਼ਰ ਰੱਖੀ। ਪੁਲਿਸ ਨੂੰ ਉਸ ਦਾ ਨਾਮ ਪਤਾ ਲੱਗਣ ਤੋਂ 12 ਘੰਟੇ ਪਹਿਲਾਂ ਹੀ ਉਹ 1 ਸਤੰਬਰ ਨੂੰ ਦੇਸ਼ ਛੱਡ ਗਿਆ।

ਜ਼ਖ਼ਮੀ ਬੱਚੇ ਦੀ ਹਾਲਤ ਹਾਲਾਂਕਿ ਹੁਣ ਠੀਕ ਹੈ ਅਤੇ ਉਸ ਦੇ ਇਲਾਜ ਲਈ ਇੱਕ ਆਨਲਾਈਨ ਮੁਹਿੰਮ ਜ਼ਰੀਏ 150,000 ਡਾਲਰ ਇਕੱਠੇ ਹੋ ਚੁੱਕੇ ਹਨ।