ਮੈਲਬਰਨ: ਅਮਰੀਕੀ ਅਰਥਸ਼ਾਸਤਰੀ ਹੈਰੀ ਡੈਂਟ ਨੇ ਭਵਿੱਖਬਾਣੀ ਕੀਤੀ ਹੈ ਕਿ ‘ਗਲੋਬਲ ਰੀਅਲ ਅਸਟੇਟ ਬਬਲ’ ਕਾਰਨ ਆਸਟ੍ਰੇਲੀਆ ਦਾ ਹਾਊਸਿੰਗ ਬਾਜ਼ਾਰ 50 ਫੀਸਦੀ ਤੱਕ ਡਿੱਗ ਸਕਦਾ ਹੈ। ਉਸ ਨੇ ਘਰ ਨਾ ਖਰੀਦਣ ਦੀ ਸਲਾਹ ਦਿੱਤੀ ਅਤੇ ਘਾਟਾ ਖਾਣ ਤੋਂ ਬਚਣ ਲਈ ਹੁਣੇ ਵੇਚਣ ਦਾ ਸੁਝਾਅ ਦਿੱਤਾ। ਡੈਂਟ ਉਹੀ ਅਰਥਸ਼ਾਸਤਰੀ ਹੈ ਜਿਸ ਨੇ 90ਵਿਆਂ ’ਚ ‘ਡਾਟ ਕਾਮ ਬਬਲ’ ਦੇ ਫੁੱਟਣ ਦੀ ਭਵਿੱਖਬਾਣੀ ਕੀਤੀ ਸੀ।
ਹਾਲਾਂਕਿ, ਉਸ ਦੀ ਇਸ ਭਵਿੱਖਬਾਣੀ ਤੋਂ ਬਾਅਦ ਪ੍ਰਾਪਰਟੀ ਮਾਰਕੀਟ ’ਚ ਤਰਥੱਲੀ ਮਚ ਗਈ ਹੈ ਅਤੇ ਕਈਆਂ ਨੇ ਇਸ ਭਵਿੱਖਬਾਣੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ ਤੇ ਦੋਸ਼ ਲਾਇਆ ਹੈ ਕਿ ਉਸ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਸੇ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਹਨ ਜੋ ਜ਼ਿਆਦਾਤਰ ਅਸਫਲ ਰਹੀਆਂ ਹਨ।
ਡੈਂਟ ਦੇ ਟਰੈਕ ਰਿਕਾਰਡ ਦੀ ABC ਦੇ ਮੀਡੀਆਵਾਚ ‘ਤੇ ਆਲੋਚਨਾ ਕੀਤੀ ਗਈ, ਜਿਸ ਨੇ 2011 ਤੋਂ ਹਾਊਸਿੰਗ ਮਾਰਕੀਟ ਕ੍ਰੈਸ਼ ਦੀਆਂ ਵਾਰ-ਵਾਰ ਭਵਿੱਖਬਾਣੀਆਂ ਕੀਤੀਆਂ ਸਨ। ਅਰਥਸ਼ਾਸਤਰੀ ਸਟੀਫਨ ਕੌਕੌਲਾਸ ਨੇ ਵੀ ਡੈਂਟ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਮਕਾਨਾਂ ਦੀਆਂ ਕੀਮਤਾਂ ਵਿੱਚ 50٪ ਦੀ ਗਿਰਾਵਟ ‘ਬਹੁਤ ਜ਼ਿਆਦਾ ਦੂਰ ਦੀ ਕੌਡੀ’ ਸਾਬਤ ਹੋਵੇਗੀ। ਡਿਵੈਲਪਰ ਹੈਰੀ ਟ੍ਰਿਗੁਬੋਫ ਨੇ ਨੋਟ ਕੀਤਾ ਕਿ ਮਕਾਨਾਂ ਦੀ ਮੰਗ ਹੁਣ ਨਾਲੋਂ ਪਹਿਲਾਂ ਕਦੇ ਵੀ ਜ਼ਿਆਦਾ ਨਹੀਂ ਰਹੀ, ਅਤੇ ਸਪਲਾਈ ਕਦੇ ਵੀ ਘੱਟ ਨਹੀਂ ਰਹੀ, ਜੋ ਡੈਂਟ ਦੀਆਂ ਭਵਿੱਖਬਾਣੀਆਂ ਦੇ ਉਲਟ ਹੈ।