ਮੈਲਬਰਨ: ਆਸਟ੍ਰੇਲੀਆ ਤੋਂ ਇਸੇ ਸਾਲ ਜੂਨ ’ਚ ਡੀਪੋਰਟ ਕੀਤੇ ਜਾਣ ਵਾਲੇ ਇੱਕ ਵਿਅਕਤੀ ਨੇ ਪੰਜਾਬ ਦੇ ਲੁਧਿਆਣੇ ’ਚ ਰਹਿਣ ਵਾਲੇ ਇੱਕ ਬਜ਼ੁਰਗ ਦਾ ਸਿਰਫ਼ ਇਸ ਕਾਰਨ ਕਤਲ ਕਰ ਦਿੱਤਾ, ਕਿਉਂਕਿ ਮ੍ਰਿਤਕ ਦੀ ਧੀ ਦੀ ਸ਼ਿਕਾਇਤ ’ਤੇ ਉਸ ਨੂੰ ਡੀਪੋਰਟ ਕੀਤਾ ਗਿਆ ਸੀ।
ਦਰਅਸਲ ਜਲੰਧਰ ਦੇ ਰਹਿਣ ਵਾਲੇ ਰਣਜੀਤ ਸਿੰਘ ਕਾਹਲੋਂ ਨਾਂ ਦੇ ਇਸ ਵਿਅਕਤੀ ਦੀ ਆਸਟ੍ਰੇਲੀਆ ’ਚ ਕਿਰਨਦੀਪ ਨਾਂ ਦੀ ਔਰਤ ਨਾਲ ਸੋਸ਼ਲ ਮੀਡੀਆ ਮੋਬਾਈਲ ਐਪ TikTok ’ਤੇ ਦੋਸਤੀ ਹੋਈ ਸੀ। ਪਰ ਕੁੱਝ ਚਿਰ ਬਾਅਦ ਦੋਹਾਂ ’ਚ ਲੜਾਈ-ਝਗੜਾ ਸ਼ੁਰੂ ਹੋ ਗਿਆ ਕਿਉਂਕਿ ਰਣਜੀਤ ਨੂੰ ਸ਼ਰਾਬ ਪੀਣ ਦੀ ਲਤ ਸੀ। ਉਸ ਨੇ ਕਿਰਨਦੀਪ ’ਤੇ ਆਪਣੇ ਪਤੀ ਤੋਂ ਤਲਾਕ ਲੈ ਕੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇੱਕ ਰਾਤ ਜਦੋਂ ਉਹ ਸ਼ਰਾਬ ਪੀ ਕੇ ਕਿਰਨਦੀਪ ਦੇ ਘਰ ਬਾਹਰ ਰੌਲਾ ਪਾ ਰਿਹਾ ਸੀ ਤਾਂ ਕਿਰਨਦੀਪ ਨੇ ਰਣਜੀਤ ਖਿਲਾਫ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਜੂਨ ’ਚ ਉਸ ਨੂੰ ਡੀਪੋਰਟ ਕਰ ਦਿੱਤਾ ਗਿਆ ਸੀ।
ਉਹ ਭਾਰਤ ਵਾਪਸ ਆ ਗਿਆ ਪਰ ਉਸ ’ਚ ਬਦਲੇ ਦੀ ਅੱਗ ਸੁਲਘਣ ਲੱਗੀ ਅਤੇ ਉਸ ਨੇ ਆਪਣੇ ਭਤੀਜੇ ਬਲਜਿੰਦਰ ਸਿੰਘ ਨਾਲ ਮਿਲ ਕੇ ਕਿਰਨਦੀਪ ਦੇ ਪਿਤਾ ਰਵਿੰਦਰ ਸਿੰਘ ਪਾਲ (78) ਦਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਕਤਲ ਕਰ ਦਿੱਤਾ। ਲਾਸ਼ ਝਾੜੀਆਂ ਵਿਚੋਂ ਮਿਲੀ ਅਤੇ ਰਣਜੀਤ ਨੇ ਵਟਸਐਪ ਰਾਹੀਂ ਕਿਰਨਦੀਪ ਨੂੰ ਅਪਰਾਧ ਦੀ ਜਾਣਕਾਰੀ ਦਿੱਤੀ। ਕਥਿਤ ਤੌਰ ’ਤੇ ਉਹ ਇਸ ਲਈ ਮਾਫ਼ੀ ਵੀ ਮੰਗਣ ਲੱਗਾ। ਬਲਜਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਰਣਜੀਤ ਅਜੇ ਵੀ ਫਰਾਰ ਦਸਿਆ ਜਾ ਰਿਹਾ ਹੈ।
ਕਿਰਨਦੀਪ ਦੇ ਭਰਾ ਵਿਕਰਮ ਸੱਘੜ ਨੇ ਪੰਜਾਬ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੀ ਭੈਣ ਦੇ ਰਣਜੀਤ ਸਿੰਘ ਨਾਲ ਦੋਸਤੀ ਕਰਨ ਦੇ ਫੈਸਲੇ ਵਿਰੁਧ ਸੀ ਅਤੇ ਉਸ ਦੀ ਭੈਣ ਨੇ ਉਸ ਨੂੰ ਨਹੀਂ ਦੱਸਿਆ ਸੀ ਕਿ ਰਣਜੀਤ ਸਿੰਘ ਉਸ ਨੂੰ ਧਮਕੀਆਂ ਦੇ ਰਿਹਾ ਸੀ। ਉਸ ਨੇ ਕਿਹਾ, ‘‘ਜੇਕਰ ਸਾਨੂੰ ਪਹਿਲਾਂ ਧਮਕੀਆਂ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਅਸੀਂ ਉਸ ਨੂੰ ਬਚਾ ਸਕਦੇ।’’