ਮੈਲਬਰਨ : ਆਸਟ੍ਰੇਲੀਆ ਦੇ ਦਖਣੀ ਸਟੇਟਾਂ ’ਚ ਇਨ੍ਹੀਂ ਦਿਨੀਂ ਮੌਸਮ ਬਹੁਤ ਖ਼ਰਾਬ ਚਲ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਤਸਮਾਨੀਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ, NSW ਅਤੇ ਵੈਸਟਰਨ ਆਸਟ੍ਰੇਲੀਆ ’ਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਬੀਤੀ ਰਾਤ ਚਲੀਆਂ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਉਖੜ ਗਏ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ। ਸਟੇਟ ਐਮਰਜੈਂਸੀ ਸਰਵਿਸ (SES) ਨੂੰ ਮਦਦ ਲਈ 372 ਕਾਲਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰ Emerald, Warragul ਅਤੇ Pakenham ਰਹੇ। ਇਹੀ ਨਹੀਂ ਅੱਜ Alpine ਖੇਤਰ ਵਿਚ 128 ਕਿਲੋਮੀਟਰ ਪ੍ਰਤੀ ਘੰਟਾ ਅਤੇ Melbourne ਵਿਚ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਨੁਕਸਾਨਦੇਹ ਹਵਾਵਾਂ ਚੱਲਣ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਗਈ ਹੈ।
ਤੱਟਵਰਤੀ ਇਲਾਕਿਆਂ ’ਚ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਦਿੱਤੀ ਹੈ। ਡਰਾਈਵਰਾਂ ਨੂੰ ਧਿਆਨ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਹਰੀ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਅਤੇ ਰੁੱਖਾਂ ਅਤੇ ਹੜ੍ਹ ਦੇ ਪਾਣੀ ਦੇ ਨੇੜੇ ਗੱਡੀ ਚਲਾਉਣ ਤੋਂ ਪਰਹੇਜ਼ ਕਰਨ। ਖ਼ਰਾਬ ਮੌਸਮ ਦੇ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਸਿਡਨੀ ਮੈਟਰੋਪੋਲੀਟਨ ਖੇਤਰ ਅਤੇ ਹੋਰ ਖੇਤਰਾਂ ਵਿੱਚ ਵੀ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਵਿਕਟੋਰੀਆ ਦੇ Gellibrand ਇਲਾਕੇ ’ਚ ਬੁੱਧਵਾਰ ਦੁਪਹਿਰ ਨੂੰ ਇਕ ਦਰੱਖਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ।