ਮੈਲਬਰਨ : ਮਹਿੰਗਾਈ ਦਾ ਸਾਲਾਨਾ ਰੇਟ ਜੁਲਾਈ ਵਿੱਚ ਘਟ ਕੇ 3.5 ਫ਼ੀਸਦੀ ਰਹਿ ਗਈ, ਜੋ ਜੂਨ ਵਿੱਚ 3.8 ਫ਼ੀਸਦੀ ਸੀ। ਹਾਲਾਂਕਿ ਮਹਿੰਗਾਈ ਰੇਟ ’ਚ ਕਮੀ ਦਾ ਮੁੱਖ ਕਾਰਨ ਰਹਿਣ-ਸਹਿਣ ਦੀ ਲਾਗਤ ’ਚ ਅਸਲ ਕਮੀ ਨਹੀਂ ਬਲਕਿ ਬਿਜਲੀ ਦੇ ਬਿੱਲ ’ਚ ਕਾਮਨਵੈਲਥ ਅਤੇ ਸਟੇਟਾਂ ਵੱਲੋਂ ਦਿੱਤੀਆਂ ਛੋਟਾਂ ਰਹੀਆਂ। ਕੁਲ ਮਿਲਾ ਕੇ ਇਨ੍ਹਾਂ ਛੋਟਾਂ ਕਾਰਨ ਜੁਲਾਈ ਮਹੀਨੇ ’ਚ 6.4 ਫੀਸਦੀ ਦੀ ਗਿਰਾਵਟ ਆਈ ਹੈ। ਛੋਟਾਂ ਨੂੰ ਛੱਡ ਕੇ ਜੁਲਾਈ ਦੌਰਾਨ ਬਿਜਲੀ ਦੀਆਂ ਕੀਮਤਾਂ ’ਚ 0.9 ਫੀਸਦੀ ਦਾ ਵਾਧਾ ਹੁੰਦਾ।
ABS ਦੇ ਕਾਰਜਕਾਰੀ ਮੁਖੀ Leigh Merrington ਨੇ ਕਿਹਾ ਕਿ ਜੁਲਾਈ ਦੌਰਾਨ ਹਾਊਸਿੰਗ ’ਚ 4 ਫੀਸਦੀ, ਭੋਜਨ ਅਤੇ ਗੈਰ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ’ਚ 3.8 ਫੀਸਦੀ, ਸ਼ਰਾਬ ਅਤੇ ਤੰਬਾਕੂ ’ਚ 7.2 ਫੀਸਦੀ ਅਤੇ ਆਵਾਜਾਈ ’ਚ 3.4 ਫੀਸਦੀ ਕੀਮਤਾਂ ’ਚ ਵਾਧਾ ਵੇਖਣ ਨੂੰ ਮਿਲਿਆ। ABS ਦੇ ਮਹਿੰਗਾਈ ਬਾਰੇ ਅੰਕੜੇ ਆਉਣ ਤੋਂ ਬਾਅਦ ਆਸਟ੍ਰੇਲੀਆ ਸ਼ੇਅਰ ਬਾਜ਼ਾਰ ’ਚ ਵੀ 200 ਅੰਕਾਂ ਦੀ ਕਮੀ ਵੇਖੀ ਗਈ।