ਮੈਲਬਰਨ : ਕਮਜ਼ੋਰ ਵਰਕਰਾਂ ਦੀ ਰਾਖੀ ਅਤੇ ਸ਼ੋਸ਼ਣਕਾਰੀ ਮਾਲਕਾਂ ਨੂੰ ਜਵਾਬਦੇਹ ਠਹਿਰਾਉਣ ਵਿੱਚ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਇੱਕ ਵਾਰੀ ਫਿਰ ਸਵਾਲ ਉੱਠ ਗਏ ਹਨ।ਪੰਜਾਬੀ ਮੂਲ ਦੇ ਪਵਨਜੀਤ ਅਤੇ ਰਾਜ ਹੇਅਰ ਆਪਣੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਬਲੈਕਮੇਲ, ਗੁਲਾਮੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸ਼ਿਕਾਰ ਹੋਏ ਹਨ। ਪਵਨਜੀਤ ਦੇ ਐਡੀਲੇਡ ਸਥਿਤ ਇੰਪਲੋਏਅਰ, ‘ਦਰਸ਼ਨਜ਼ ਡਰੀ ਐਂਡ ਟੀ ਹਾਊਸ’, ਨੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਉਸ ਦਾ ਸ਼ੋਸ਼ਣ ਕੀਤਾ, ਤਨਖਾਹ ਰੋਕ ਦਿੱਤੀ, ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਅਤੇ ਉਸ ਨੂੰ ਮਾੜੇ ਹਾਲਾਤ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਨੂੰ ਕਈ ਹਫ਼ਤੇ ਹਸਪਤਾਲ ’ਚ ਰਹਿਣਾ ਪਿਆ।
ਉਸ ਦੇ ਇੰਪਲੋਏਅਰ ਨੂੰ 250,000 ਡਾਲਰ ਦੀ ਤਨਖਾਹ ਧੋਖਾਧੜੀ ਅਤੇ ਜਾਅਲੀ ਤਨਖਾਹ ਰਿਕਾਰਡ ਦਾ ਦੋਸ਼ੀ ਪਾਏ ਜਾਣ ਦੇ ਬਾਵਜੂਦ, ਹੇਅਰ ਪਰਿਵਾਰ ਨੂੰ ਪੱਕੀ ਨਾਗਰਿਕਤਾ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਲਏ ਗਏ ਫੈਸਲੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰਿਵਾਰ ਦਾ ਕੇਸ ਆਸਟ੍ਰੇਲੀਆਈ ਇਮੀਗ੍ਰੇਸ਼ਨ ਕਾਨੂੰਨ ਵਿੱਚ ਗੰਭੀਰ ਕਮੀਆਂ ਨੂੰ ਉਜਾਗਰ ਕਰਦਾ ਹੈ, ਜਿਸ ਵਿੱਚ ਪ੍ਰਵਾਸ ਪੱਧਰ ‘ਤੇ ਸ਼ੋਸ਼ਣ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ ਪ੍ਰਬੰਧਾਂ ਦੀ ਘਾਟ ਵੀ ਸ਼ਾਮਲ ਹੈ। ਉਨ੍ਹਾਂ ਦੇ ਮਾਈਗ੍ਰੇਸ਼ਨ ਏਜੰਟ ਮਾਰਕ ਗਲਾਜ਼ਬਰੂਕ ਨੇ ਉਨ੍ਹਾਂ ਦੇ ਮਾਮਲੇ ਨੂੰ ਆਪਣੇ 27 ਸਾਲਾਂ ਦੇ ਕਰੀਅਰ ਵਿਚ ਸਭ ਤੋਂ ਖਰਾਬ ਦੱਸਿਆ ਹੈ। ਹੇਅਰ ਪਰਿਵਾਰ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਅਨਿਆਂ ਵਿਰੁਧ ਬੋਲਣ ਅਤੇ ਨਿਆਂ ਦੀ ਮੰਗ ਕਰਨ ਲਈ ਸਜ਼ਾ ਮਿਲ ਰਹੀ ਹੈ, ਅਤੇ ਉਨ੍ਹਾਂ ਦੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ, ਉਨ੍ਹਾਂ ਦੀ ਉਮਰ ਦੇ ਕਾਰਨ ਪੱਕੀ ਨਾਗਰਿਕਤਾ ਪ੍ਰਾਪਤ ਲਈ ਸੀਮਤ ਬਦਲ ਹਨ।