ਮੈਲਬਰਨ : ਪੂਰੇ ਨਿਊ ਸਾਊਥ ਵੇਲਜ਼ (NSW) ’ਚ ਅੱਜ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਅਹਿਤਿਆਤਨ ਸਕੂਲਾਂ ਨੂੰ ਬੰਦ ਕਰਨਾ ਪਿਆ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਦੁਪਹਿਰ 12 ਕੁ ਵਜੇ ਆਏ ਭੂਚਾਲ ਦਾ ਕੇਂਦਰ ਸਿਡਨੀ ਤੋਂ ਕਰੀਬ 250 ਕਿਲੋਮੀਟਰ ਉੱਤਰ ’ਚ ਮਾਈਨਿੰਗ ਕਸਬੇ Denman ਨੇੜੇ 10 ਕਿਲੋਮੀਟਰ ਦੀ ਡੂੰਘਾਈ ’ਚ ਸੀ। ਇਸ ਤੋਂ ਬਾਅਦ 12:15 ਵਜੇ 2.9 ਤੀਬਰਤਾ ਦਾ ਹਲਕਾ ਝਟਕਾ ਵੀ ਮਹਿਸੂਸ ਕੀਤਾ ਗਿਆ। NSW ਰਿਸੋਰਸਜ਼ ਨੇ ਕਿਹਾ ਕਿ ਡੇਨਮੈਨ ਵਿਖੇ ਨੇੜੇ ਦੀਆਂ ਖਾਨਾਂ ਵਿੱਚ ਕਿਸੇ ਘਟਨਾ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਸਭ ਤੋਂ ਵੱਧ ਨੁਕਸਾਨ Muswellbrook ’ਚ ਹੋਣ ਦੀ ਖ਼ਬਰ ਹੈ ਜਿੱਥੇ ਭੂਚਾਲ ਕਾਰਨ Aldi ਦੀ ਛੱਤ ਦੇ ਪੈਨਲ ਡਿੱਗ ਗਏ ਅਤੇ ਕੌਂਸਲ ਡਿਪੂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਕਈ ਘਰਾਂ ਨੂੰ ਨੁਕਸਾਨ ਪਹੁੰਚਣ ਅਤੇ ਚਿਮਨੀਆਂ ਦੇ ਡਿੱਗਣ ਦੀਆਂ ਕਈ ਰਿਪੋਰਟਾਂ ਮਿਲੀਆਂ। Muswellbrook ਅਤੇ Maitland ਦੋਵਾਂ ਵਿੱਚ ਮਾਮੂਲੀ ਨੁਕਸਾਨ ਕਾਰਨ SES ਨੂੰ ਮਦਦ ਲਈ ਛੇ ਕਾਲਾਂ ਆਈਆਂ ਹਨ। ਭੂਚਾਲ ਕਾਰਨ ਸਟੇਟ ਦੇ ਡੈਮ ਨੂੰ ਕਿਸੇ ਨੁਕਸਾਨ ਦੀ ਦੀ ਖ਼ਬਰ ਨਹੀਂ ਹੈ। ਭੂਚਾਲ ਤੋਂ ਬਾਅਦ Muswellbrook, Denman, Jerrys Plains, Bureen, Bengalla ਦੇ 2500 ਤੋਂ ਵੱਧ ਲੋਕਾਂ ਨੇ ਆਸਗ੍ਰਿਡ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਦਿੱਤੀ ਹੈ।