ਆਸਟ੍ਰੇਲੀਆ ਦਾ ਸਭ ਤੋਂ ‘ਲੱਕੀ ਸਟੋਰ’, ਜਿੱਥੋਂ ਖ਼ਰੀਦੀ ਗਈ ਟਿਕਟ ਨੇ ਇੱਕ ਵਾਰੀ ਫਿਰ ਜਿੱਤਿਆ Powerball Jackpot

ਮੈਲਬਰਨ : ਕੁਈਨਜ਼ਲੈਂਡ ਦੀ ਇੱਕ ਔਰਤ ਨੇ 100 ਮਿਲੀਅਨ ਡਾਲਰ ਦਾ Powerball Jackpot ਜਿੱਤ ਲਿਆ ਹੈ। ਵੀਰਵਾਰ ਰਾਤ ਨਿਕਲੇ ਡਰਾਅ ’ਚ ਇਹ ਤਾਂ ਪਤਾ ਲੱਗ ਗਿਆ ਸੀ ਕਿ ਜੇਤੂ ਬ੍ਰਿਸਬੇਨ ਤੋਂ ਹੈ ਪਰ ਅਸਲ ਪਛਾਣ ਉਦੋਂ ਹੀ ਜਾ਼ਹਰ ਹੋਈ ਜਦੋਂ ਔਰਤ ਸਵੇਰ ਦੀ ਸੈਰ ਕਰਨ ਤੋਂ ਬਾਅਦ ਘਰ ਪਰਤੀ ਅਤੇ ਆਪਣੀ ਕਾਰ ਦੇ ਗਲੱਵ ਡਰਾਅ ’ਚ ਪਈ ਟਿਕਟ ਵੇਖੀ। ਇਸ ਦੇ ਨਾਲ ਹੀ ਉਹ ਕੁਈਨਜ਼ਲੈਂਡ ਦੀ ਸਭ ਤੋਂ ਵੱਡੀ ਲਾਟਰੀ ਜੇਤੂ ਬਣ ਗਈ ਹੈ।

ਜੇਤੂ ਐਂਟਰੀ ਨੈਕਸਟ੍ਰਾ ਚੇਰਮਸਾਈਡ ਨਿਊਜ਼ ਏਜੰਸੀ ਤੋਂ ਖਰੀਦੀ ਗਈ ਸੀ, ਅਤੇ ਮਾਲਕ ਨੇ ਕਿਹਾ ਕਿ ਇਕ ਹੋਰ ਵੱਡੀ ਡਿਵੀਜ਼ਨ ਨੂੰ ਉਸ ਦੇ ਆਊਟਲੈਟ ’ਤੇ ਜ਼ਮੀਨ ਜਿੱਤਦੇ ਵੇਖਣਾ ‘ਪਾਗਲ ਕਰ ਦੇਣ’ ਵਾਲੀ ਗੱਲ ਹੈ। ਉਨ੍ਹਾਂ ਖ਼ੁਦ ਨੂੰ ਆਸਟ੍ਰੇਲੀਆ ਦਾ ਸਭ ਤੋਂ ਵੱਧ ‘ਲੱਕੀ ਸਟੋਰ’ ਦਸਿਆ।

ਪੂਰੇ ਆਸਟ੍ਰੇਲੀਆ ’ਚ ਉਹ ਤੀਜੀ ਸਭ ਤੋਂ ਵੱਡੀ ਜੇਤੂ ਹੈ। ਬ੍ਰਿਸਬੇਨ ਦੇ ਸਬਅਰਬ ਐਸਪਲੇ ’ਚ ਰਹਿ ਰਹੀ ਇਸ ਕਿਸਮਤ ਵਾਲੀ ਔਰਤ ਨੇ ਲਾਟਰੀ ਅਧਿਕਾਰੀਆਂ ਨੂੰ ਫ਼ੋਨ ’ਤੇ ਦਸਿਆ ਕਿ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੇ ਮਾਪਿਆਂ ਨੂੰ ਇਸ ਸਾਲ ਦੇ ਸ਼ੁਰੂ ’ਚ ਹੀ ਦਸਿਆ ਸੀ ਕਿ ਉਸ ਕੋਈ ਵੱਡਾ ਇਨਾਮ ਲੱਗਣ ਵਾਲਾ ਹੈ ਪਰ ਸਾਰੇ ਉਸ ਦਾ ਮਜ਼ਾਕ ਉਡਾਉਂਦੇ ਰਹੇ। ਉਸ ਨੇ ਇਹ ਲਾਟਰੀ ਟਿਕਟ ਆਪਣੇ ਜਨਮਦਿਨ ’ਤੇ ਖ਼ਰੀਦੀ ਸੀ। ਉਸ ਨੇ ਕਿਹਾ ਕਿ ਲਾਟਰੀ ਜਿੱਤਣ ਤੋਂ ਬਾਅਦ ਉਸ ਦੀਆਂ ਜ਼ਿੰਦਗੀ ਭਰ ਦੀਆਂ ਪ੍ਰੇਸ਼ਾਨੀਆਂ ਖ਼ਤਮ ਹੋ ਗਈਆਂ ਹਨ ਅਤੇ ਏਨੀ ਵੱਡੀ ਰਕਮ ਕਿਸ ਤਰ੍ਹਾਂ ਖ਼ਰਚ ਕੀਤੀ ਜਾਵੇ ਇਹ ਸੋਚਣ ਲਈ ਵੀ ਉਸ ਨੂੰ ਸਮਾਂ ਚਾਹੀਦਾ ਹੈ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਸ ਦੀ ਯੋਜਨਾ ਫਿਜੀ ਅਤੇ ਨਿਊਜ਼ੀਲੈਂਡ ਘੁੰਮਣ ਜਾਣ ਦੀ ਹੈ।