ਪਾਕਿਸਤਾਨ ’ਚ ‘ਬੰਧੂਆ’ ਬਣਾ ਕੇ ਰੱਖੀ ਸਿੱਖ ਬੀਬੀ ਤੇ ਬੱਚੇ ਨੂੰ ਪੁਲਿਸ ਨੇ ਛੁਡਵਾਇਆ

ਮੈਲਬਰਨ : ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ’ਚ ਦੋ ਵਿਅਕਤੀਆਂ ਵੱਲੋਂ ਸਿੱਖ ਔਰਤ ’ਤੇ ਤਸ਼ੱਦਦ ਦੀ ਹੌਲਨਾਕ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਨੇ ਇੱਕ 40 ਸਾਲ ਦੀ ਸਿੱਖ ਔਰਤ ਅਤੇ ਉਸ ਦੇ ਨਾਬਾਲਗ ਬੇਟੇ ਨੂੰ 9 ਮਹੀਨਿਆਂ ਦੀ ਗੈਰ-ਕਾਨੂੰਨੀ ਕੈਦ ਤੋਂ ਛੁਡਵਾਇਆ ਹੈ। ਇਸ ਸਮੇਂ ਦੌਰਾਨ ਪੰਜ ਬੱਚਿਆਂ ਦੀ ਮਾਂ ਨੂੰ ਬੰਧਕ ਬਣਾ ਕੇ ਨਾਲ ਦੋ ਭਰਾਵਾਂ ਨੇ ਵਾਰ-ਵਾਰ ਬਲਾਤਕਾਰ ਕੀਤਾ ਅਤੇ ਤਸੀਹੇ ਦਿੱਤੇ।

KS ਵਜੋਂ ਦੱਸੇ ਗਏ ਮੁਲਜ਼ਮ ਦੀ ਛੇ ਸਾਲ ਪਹਿਲਾਂ ਪੀੜਤ ਔਰਤ ਨਾਲ ਜਾਣ-ਪਛਾਣ ਹੋਈ ਸੀ। ਉਸ ਨੇ ਪਹਿਲਾਂ ਔਰਤ ਦੇ ਬੇਟੇ ਨੂੰ ਬੰਦੀ ਬਣਾ ਲਿਆ ਅਤੇ ਫਿਰ ਔਰਤ ਨੂੰ ਬਲੈਕਮੇਲ ਕਰਦਾ ਰਿਹਾ। ਅੌਰਤ ਦੇ ਪਰਿਵਾਰ ਵੱਲੋਂ ਸ਼ਿਕਾਇਤ ਕਰਨ ’ਤੇ ਐਸ.ਐਸ.ਪੀ. ਅਬਦੁਲ ਵਹਾਬ ਅਤੇ ਏ.ਐਸ.ਪੀ. ਜ਼ੈਨਬ ਖਾਲਿਦ ਦੀ ਅਗਵਾਈ ਵਿੱਚ ਪੁਲਿਸ ਨੇ ਛਾਪਾ ਮਾਰਿਆ ਅਤੇ 14 ਅਗਸਤ ਨੂੰ ਦੋਵਾਂ ਨੂੰ ਬਰਾਮਦ ਕੀਤਾ।

ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸ਼ੱਕੀ ਵਿਅਕਤੀਆਂ ਵਿਰੁੱਧ ਨਿਆਂ ਅਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਪਾਕਿਸਤਾਨ ਸਰਕਾਰ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ ਅਤੇ ਕਿਰਾਏ ’ਤੇ ਲਏ ਬਲੌਗਰਾਂ ਦੁਆਰਾ ਫੈਲਾਏ ਗਏ ਨਕਾਰਾਤਮਕ ਪ੍ਰਚਾਰ ਦੀ ਨਿੰਦਾ ਕੀਤੀ।