ਹੁਣ ਘਰ ਵੀ ਹੋਣਗੇ ਪ੍ਰਿੰਟ! ਜਾਣੋ ਕੌਣ ਬਣਾ ਰਿਹੈ ਆਸਟ੍ਰੇਲੀਆ ਦਾ ਪਹਿਲਾ 3D ਪ੍ਰਿੰਟੇਡ ਮਕਾਨ

ਮੈਲਬਰਨ : ਆਸਟ੍ਰੇਲੀਆ ਵਿਚ ਘਰ ਬਣਾਉਣ ਲਈ 3ਡੀ ਪ੍ਰਿੰਟਿੰਗ ਤਕਨਾਲੋਜੀ ਦੀ ਵਰਤੋਂ ’ਤੇ ਪ੍ਰਯੋਗ ਚਲ ਰਿਹਾ ਹੈ ਜਿਸ ਦਾ ਉਦੇਸ਼ ਛੇਤੀ ਤੋਂ ਛੇਤੀ ਘਰ ਬਣਾ ਕੇ ਦੇਸ਼ ਦੇ ਰਿਹਾਇਸ਼ੀ ਸੰਕਟ ਨੂੰ ਹੱਲ ਕਰਨਾ ਹੈ। ਇਸੇ ਤਰ੍ਹਾਂ ਦੇ ਕਾਰੋਬਾਰ ’ਚ ਲੱਗੇ ਹਨ ਨਿਕ ਹੋਲਡਨ ਜਿਨ੍ਹਾਂ ਦੀ ਕੰਪਨੀ Contour3D ਆਸਟ੍ਰੇਲੀਆ ਦਾ ਪਹਿਲਾ 3D ਪ੍ਰਿੰਟਿੰਗ ਮਕਾਨ ਬਣਾਵੁਣ ’ਚ ਲੱਗੀ ਹੋਈ ਹੈ। Contour3D ਇਕ ਵਿਸ਼ੇਸ਼ ਕੰਕਰੀਟ ਦੀ ਵਰਤੋਂ ਕਰਦੀ ਹੈ ਜੋ ਤੇਜ਼ੀ ਨਾਲ ਠੋਸ ਹੋ ਜਾਂਦਾ ਹੈ, ਜਿਸ ਨਾਲ ਕੰਧਾਂ ਅਤੇ ਢਾਂਚੇ ਕੁੱਝ ਘੰਟਿਆਂ ਦੇ ਅੰਦਰ ਖੜ੍ਹੇ ਕੀਤੇ ਜਾ ਸਕਦੇ ਹਨ। ਇਹ ਨਵੀਂ ਤਕਨਾਲੋਜੀ ਘਰ ਦੀ ਉਸਾਰੀ ਇੱਕ ਸਾਲ ਦੇ ਮੁਕਾਬਲੇ ਸਿਰਫ਼ 3 ਕੁ ਮਹੀਨਿਆਂ ’ਚ ਪੂਰਾ ਕਰ ਦਿੰਦੀ ਹੈ। ਇਹੀ ਨਹੀਂ ਇਸ ਤਰ੍ਹਾਂ ਦੀ ਉਸਾਰੀ ਸਸਤੀ ਵੀ ਹੈ ਅਤੇ ਲਾਗਤ ’ਚ ਅਨੁਮਾਨਤ 25٪ ਕਟੌਤੀ ਹੁੰਦੀ ਹੈ।

ਫੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ 1.2 ਮਿਲੀਅਨ ਘਰ ਬਣਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ 3D ਪ੍ਰਿੰਟਿੰਗ ਨੂੰ ਸੰਭਾਵਿਤ ਹੱਲ ਵਜੋਂ ਵਿਚਾਰ ਰਹੀ ਹੈ। ਹਾਊਸਿੰਗ ਮੰਤਰੀ ਕਲੇਅਰ ਓਨੀਲ ਬਿਲਡਰਾਂ ਨੂੰ ਇਸ ਟੀਚੇ ਨੂੰ ਪੂਰਾ ਕਰਨ ਲਈ ਕੁੱਝ ਵੱਖਰਾ ਸੋਚਣ ਲਈ ਉਤਸ਼ਾਹਤ ਕਰ ਰਹੇ ਹਨ। ਉਤਪਾਦਨ ਨੂੰ ਵਧਾਉਣ ਦੀ ਯੋਗਤਾ ਦੇ ਨਾਲ, 3ਡੀ ਪ੍ਰਿੰਟਿੰਗ ਨਿਰਮਾਣ ਉਦਯੋਗ ਵਿੱਚ ਕ੍ਰਾਂਤੀ ਲਿਆ ਸਕਦੀ ਹੈ ਅਤੇ ਆਸਟ੍ਰੇਲੀਆ ਦੀ ਰਿਹਾਇਸ਼ ਦੀ ਘਾਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।