ਸੁਸ਼ਾਂਤ ਸਿੰਘ ਰਾਜਪੂਤ ਡਰੱਗ ਕੇਸ ’ਚ ਆਸਟ੍ਰੇਲੀਆਈ ਨਾਗਰਿਕ ਬਰੀ

ਮੈਲਬਰਨ : ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਕੇਸ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਪਾਲ ਬਾਰਟੇਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਦੋਸ਼ਾਂ ਦੇ ਬਾਵਜੂਦ ਵਿਸ਼ੇਸ਼ ਅਦਾਲਤ ਨੂੰ ਬਾਰਟੇਲ ਦੀ ਕਥਿਤ ਅਪਰਾਧ ਵਿੱਚ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਕੋਈ ਸਮੱਗਰੀ ਨਹੀਂ ਮਿਲੀ।

ਮੁੰਬਈ ਦੀ ਇੱਕ ਅਦਾਲਤ ਨੇ ਕਿਹਾ ਕਿ ਬਾਰਟੇਲ ਅਤੇ ਸਹਿ-ਮੁਲਜ਼ਮਾਂ ਵਿਚਾਲੇ ਪੈਸੇ ਦੇ ਲੈਣ-ਦੇਣ ਜਾਂ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਹੈ ਅਤੇ ਕਿਸੇ ਵੀ ਰਸਾਇਣਕ ਵਿਸ਼ਲੇਸ਼ਣ ਰਿਪੋਰਟ ਤੋਂ ਪਤਾ ਨਹੀਂ ਲੱਗਦਾ ਕਿ ਬਾਰਟੇਲ ਨੇ ਕੋਈ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਸੀ। ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੀ ਗਈ ਵਟਸਐਪ ਚੈਟ ਤਸਕਰਾਂ ਨਾਲ ਉਸ ਦੇ ਗਠਜੋੜ ਨੂੰ ਸਾਬਤ ਕਰਨ ਲਈ ਕਾਫ਼ੀ ਨਹੀਂ ਸੀ, ਅਤੇ ਸਹਿ-ਦੋਸ਼ੀ ਅਗੀਸਿਲਾਓਸ ਡੇਮੇਟ੍ਰਿਏਡਸ ਦਾ ਬਿਆਨ ਸਬੂਤ ਵਜੋਂ ਸਵੀਕਾਰ ਯੋਗ ਨਹੀਂ ਸੀ। ਇਸ ਲਈ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਾਰਟੇਲ ਨੂੰ ਕੇਸ ਤੋਂ ਬਰੀ ਕਰ ਦਿੱਤਾ।