ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢੇ ’ਤੇ ਸਥਿਤ Henley ਸਬਅਰਬ ’ਚ ਪੈਂਦਾ Burnham Castle ਇਸ ਵੇਲੇ ਸੇਲ ’ਤੇ ਹੈ ਜਿਸ ਨੂੰ ਜਨਤਕ ਤੌਰ ’ਤੇ ਲਿਸਟਡ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਘਰ ਮੰਨਿਆ ਜਾ ਰਿਹਾ ਹੈ। Parramatta River ਦੇ ਕਿਨਾਰੇ ’ਤੇ ਵਸਿਆ ਇਹ ਸ਼ਾਨਦਾਰ ਘਰ ਸਿਡਨੀ CBD ਤੋਂ ਸਿਰਫ਼ 7 ਕਿੱਲੋਮੀਟਰ ਦੂਰ ਹੈ ਜਿਸ ’ਚੋਂ ਤੁਸੀਂ ਸ਼ਾਨਦਾਰ ਦ੍ਰਿਸ਼ ਵੇਖ ਸਕਦੇ ਹੋ।
ਹਾਲਾਂਕਿ 1887 ’ਚ ਬਣਾਇਆ ਗਿਆ ਇਹ 2,346 sqm ਦਾ ਛੇ ਬੈੱਡਰੂਮਾਂ ਵਾਲਾ ਘਰ ਇੱਕ ਦੁਖਦਾਈ ਘਟਨਾ ਨਾਲ ਜੁੜਿਆ ਹੋਇਆ ਹੈ। ਦਰਅਸਲ ਇਹ ਘਰ ਭਾਰਤੀ ਮੂਲ ਦੇ ਇੱਕ ਡਾਕਟਰ ਖ਼ਾਲਿਦ ਕਿਦਵਈ ਦਾ ਹੈ। 15 ਜੂਨ, 2012 ’ਚ ਇਸੇ ਘਰ ’ਚ ਡਾ. ਕਿਦਵਈ ਦੇ ਇੱਕ ਮਰੀਜ਼ Tony Halloun ਨੇ ਹੀ ਉਨ੍ਹਾਂ ਦੀ ਪਤਨੀ ਸ਼ਹਿਨਾਜ਼ ਕਿਦਵਈ ਦਾ ਕੁੱਝ ਹਜ਼ਾਰ ਡਾਲਰ ਚੋਰੀ ਕਰਨ ਲਈ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਡਾ. ਕਿਦਵਈ ਨੇ ਡਰਾਈਵ ਵੇਅ ’ਚ ਕੰਕਰੀਟ ਵਿਛਾਉਣ ਦਾ ਕੰਮ ਦਿੱਤਾ ਸੀ, ਪਰ ਕਰਜ਼ ’ਚ ਡੁੱਬੇ Tony Halloun ਦੇ ਮਨ ’ਚ ਖੋਟ ਆ ਗਿਆ ਸੀ। ਜਦੋਂ ਉਹ ਚੋਰੀ ਕਰ ਰਿਹਾ ਸੀ ਉਸੇ ਸਮੇਂ ਸ਼ਹਿਨਾਜ਼ ਕਿਦਵਈ ਘਰ ਆ ਗਏ ਸਨ ਅਤੇ Tony Halloun ਨੇ ਡਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਭੱਜ ਗਿਆ। ਉਸ ਨੇ ਆਪਣੇ ਜੁਰਮ ’ਤੇ ਬਹੁਤ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਖ਼ੀਰ ਉਹ ਅਦਾਲਤ ’ਚ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਸ ਨੂੰ 17 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ।
ਸ਼ਹਿਨਾਜ਼ ਕਿਦਵਈ ਚਾਰ ਬੱਚਿਆਂ ਦੀ ਮਾਂ ਸੀ ਜੋ ਆਪਣੇ ਪਤੀ ਨਾਲ 1978 ’ਚ ਭਾਰਤ ਤੋਂ ਆਸਟ੍ਰੇਲੀਆ ਆ ਕੇ ਵੱਸ ਗਏ ਸਨ। ਇੱਕ ਬਿਆਨ ’ਚ ਕਿਦਵਈ ਦੀ ਸਭ ਤੋਂ ਛੋਟੀ ਧੀ ਮਾਹਾ ਕਿਦਵਈ ਨੇ ਕਿਹਾ ਸੀ ਕਿ ਉਹ ਉਸ ਘਰ ’ਚ ਵਾਪਸ ਨਹੀਂ ਜਾਣਾ ਚਾਹੁੰਦੀ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੇ 28 ਸਾਲ ਬਿਤਾਏ ਸਨ। ਉਸ ਨੇ ਹੀ ਆਪਣੀ ਮਾਂ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਵੇਖਿਆ ਸੀ।
ਹਾਲਾਂਕਿ ਇਸ ਸਿਆਹ ਇਤਿਹਾਸ ਦੇ ਬਾਵਜੂਦ ਇਹ ਪ੍ਰਾਪਰਟੀ ਵੱਡੀ ਗਿਣਤੀ ’ਚ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਹੈ ਅਤੇ ਇਸ ਦੀ ਕੀਮਤ 18 ਮਿਲੀਅਨ ਡਾਲਰ ਹੈ। ਰੇਅ ਵ੍ਹਾਈਟ ਦੇ ਸੇਲਜ਼ ਏਜੰਟ ਥਾਮਸ ਪੋਪਲ ਦਾ ਕਹਿਣਾ ਹੈ ਕਿ ਇਸ ਪ੍ਰਾਪਰਟੀ ਦੀ ਖ਼ਾਸੀਅਤ ਇਹ ਹੈ ਕਿ ਇਹ ਹਵੇਲੀ ਵੱਡੇ ਜ਼ਮੀਨ ਦੇ ਟੁਕੜੇ ’ਤੇ ਬਣੀ ਹੈ, ਜਿਸ ’ਚ ਬੀਚਫਰੰਟ ਟੈਨਿਸ ਕੋਰਟ ਵਰਗੀਆਂ ਵਿਲੱਖਣ ਸਹੂਲਤਾਂ ਹਨ।