ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ ਵਿਚ ਲਗਭਗ 31,000 ਡਰਾਈਵਰਾਂ ਨੂੰ ਗੱਡੀਆਂ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਹੈ, ਜਿਸ ਵਿਚ 836 ਡਰਾਈਵਰ ਚਾਰ ਜਾਂ ਇਸ ਤੋਂ ਵੱਧ ਵੱਖ-ਵੱਖ ਮੌਕਿਆਂ ’ਤੇ ਫੜੇ ਗਏ, ਜਿਸ ਦੇ ਨਤੀਜੇ ਉਹ ਆਪਣਾ ਲਾਇਸੈਂਸ ਵੀ ਗੁਆ ਬੈਠੇ। ਤਿੰਨ ਡਰਾਈਵਰਾਂ ਨੂੰ ਤਾਂ 19 ਵਾਰ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ, ਜਿਨ੍ਹਾਂ ’ਤੇ 12,500 ਡਾਲਰ ਦਾ ਸੰਭਾਵਿਤ ਜੁਰਮਾਨਾ ਲਗ ਸਕਦਾ ਹੈ। ਸਤੰਬਰ ਤੱਕ ਗ੍ਰੇਸ ਪੀਰੀਅਡ ਦੇ ਬਾਵਜੂਦ, ਪੁਲਿਸ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦੇ ਨਿਰੰਤਰ ਪੈਟਰਨ ਤੋਂ ਨਿਰਾਸ਼ ਹੈ, ਹਰ ਦੋ ਮਿੰਟਾਂ ਵਿੱਚ ਘੱਟੋ-ਘੱਟ ਇੱਕ ਡਰਾਈਵਰ ਧਿਆਨ ਭਟਕਣ ਦਾ ਸ਼ਿਕਾਰ ਹੁੰਦਾ ਹੈ।
19 ਸਤੰਬਰ ਤੋਂ ਡਰਾਈਵਰਾਂ ਨੂੰ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹੋਏ ਫੜੇ ਜਾਣ ’ਤੇ 556 ਡਾਲਰ ਦਾ ਜੁਰਮਾਨਾ ਅਤੇ ਤਿੰਨ ਡਿਮੈਰਿਟ ਪੁਆਇੰਟ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਡਰਾਈਵਰਾਂ ਨੂੰ ਆਪਣਾ ਵਿਵਹਾਰ ਬਦਲਣ ਦੀ ਅਪੀਲ ਕਰ ਰਹੀ ਹੈ, ਕਿਉਂਕਿ ਸਾਊਥ ਆਸਟ੍ਰੇਲੀਆ ਦੀਆਂ ਸੜਕਾਂ ’ਤੇ ਹਾਦਸਿਆਂ ਵਿੱਚ ਧਿਆਨ ਭਟਕਣਾ ਅਤੇ ਮੋਬਾਈਲ ਫੋਨ ਦੀ ਵਰਤੋਂ ਮਹੱਤਵਪੂਰਨ ਕਾਰਕ ਹਨ। ਇਸ ਸਾਲ ਹੁਣ ਤਕ ਸਟੇਟ ’ਚ ਸੜਕੀ ਹਾਦਸਿਆਂ ਕਾਰਨ 49 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।