ਮੈਲਬਰਨ : ਜੇਕਰ ਤੁਸੀਂ ਵੀ ਕਰਜ਼ ਦੀਆਂ ਕਿਸ਼ਤਾਂ ਦੇ ਬੋਝ ਹੇਠ ਦੱਬੇ ਹੋ ਤਾਂ ਮੈਲਬਰਨ ਦੇ ਇਸ ਬੱਸ ਡਰਾਈਵਰ Arthur Stefos ਤੋਂ ਸੇਧ ਲੈ ਸਕਦੇ ਹੋ, ਜਿਸ ਨੇ ਸਿਰਫ਼ 90 ਦਿਨਾਂ ਅੰਦਰ ਖ਼ੁਦ ਨੂੰ ਮੌਰਗੇਜ ਤੋਂ ਮੁਕਤ ਕਰ ਲਿਆ। ਇਕ ਸਮਾਂ ਸੀ ਜਦੋਂ ਉਸ ਦਾ ਰੀਪੇਮੈਂਟ ਲਗਭਗ ਦੁੱਗਣਾ ਹੋ ਗਿਆ ਸੀ। ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਉਹ ਵਿੱਤੀ ਬੋਝ ਤੋਂ ਮੁਕਤ ਹੋਣਾ ਚਾਹੁੰਦਾ ਸੀ ਅਤੇ ਉਸ ਨੇ ਮੈਲਬਰਨ ਸਥਿਤ ਆਪਣੇ ਘਰ ਨੂੰ ਵੇਚ ਕੇ ਪਿਰਾਮਿਡ ਹਿੱਲ ਦੇ ਪੇਂਡੂ ਇਲਾਕੇ ’ਚ ਇੱਕ ਸਸਤਾ ਮਕਾਨ ਖ਼ਰੀਦਣ ਦੀ ਯੋਜਨਾ ਬਣਾਈ। ਪਰ ਕਈ ਬੈਂਕਾਂ ਅਤੇ ਫ਼ਾਈਨੈਂਸੀਅਲ ਸਲਾਹਕਾਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਸੀ।
ਉਸ ਦੀ ਕਿਸਮਤ ਉਦੋਂ ਜਾਗੀ ਜਦੋਂ ਉਸ ਨੂੰ ਇੱਕ ਗੈਰ-ਬੈਂਕ ਕਰਜ਼ਦਾਤਾ ਮਿਲਿਆ ਜਿਸ ਨੇ ਇੱਕ ਵਿਸ਼ੇਸ਼ ਬ੍ਰਿਜਿੰਗ ਲੋਨ ਦਿੱਤਾ, ਜਿਸ ਨਾਲ ਉਸ ਨੂੰ ਆਪਣਾ ਮੈਲਬਰਨ ਵਿਚਲਾ ਘਰ ਵੇਚਣ ਤੋਂ ਪਹਿਲਾਂ ਪਿਰਾਮਿਡ ਹਿੱਲ ਵਿੱਚ ਮਕਾਨ ਖਰੀਦਣ ਦਾ ਮੌਕਾ ਮਿਲ ਗਿਆ। ਪ੍ਰਾਪਰਟੀ ਖ਼ਰੀਦਣ ਤੋਂ ਪਹਿਲਾਂ ਵੇਚਣੀ ਪੈ ਜਾਵੇ ਤਾਂ ਤੁਹਾਨੂੰ ਕਿਰਾਏ ’ਤੇ ਰਹਿਣਾ ਪੈਂਦਾ ਹੈ ਅਤੇ ਖ਼ਰਚੇ ਵਧ ਜਾਂਦੇ ਹਨ। ਕਰਜ਼ੇ ਦੀ ਮਦਦ ਨਾਲ ਉਸ ਨੇ ਆਪਣੇ ਪੁਰਾਣੇ ਘਰ ਦੀ ਮੁਰੰਮਤ ਕੀਤੀ ਅਤੇ ਉਸ ਨੂੰ ਉੱਚੀ ਕੀਮਤ ’ਤੇ ਵੇਚ ਦਿੱਤਾ। Stefos ਹੁਣ ਕਰਜ਼ਾ ਮੁਕਤ ਹੈ।
Bridgit ਦੇ CEO Aaron Bassin ਦਾ ਕਹਿਣਾ ਹੈ ਕਿ ਬ੍ਰਿਜਿੰਗ ਲੋਨ ਨੂੰ ਰਵਾਇਤੀ ਕਰਜ਼ਿਆਂ ਨਾਲੋਂ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਅਤੇ ਇਹ ਪ੍ਰਾਪਰਟੀ ਬਾਜ਼ਾਰ ਦੇ ਮੁਸ਼ਕਲ ਦੌਰ ’ਚ ਘਰ ਮਾਲਕਾਂ ਲਈ ਬਫਰ ਦੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਤਿਹਾਈ ਪ੍ਰਾਪਰਟੀ ਮਾਲਕ ਹੌਲੀ ਫ਼ਾਈਨਾਂਸਿੰਗ ਕਾਰਨ ਮੌਕਿਆਂ ਤੋਂ ਖੁੰਝ ਗਏ ਹਨ, ਅਤੇ ਇਹ ਕਿ ਬ੍ਰਿਜਿੰਗ ਲੋਨ ਨਾਲ ਕਿਰਾਏ ਸਬੰਧੀ ਖਰਚਿਆਂ ਅਤੇ ਤਣਾਅ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।