ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨਜ਼ ਹੋਈ ਦੀਵਾਲੀਆ, ਕੰਮਕਾਜ ਬੰਦ, ਜਾਣੋ ਕੀ ਬਣੇਗਾ ਜਿਨ੍ਹਾਂ ਨੇ ਪਹਿਲਾਂ ਤੋਂ ਖ਼ਰੀਦੀਆਂ ਸਨ ਟਿਕਟਾਂ

ਮੈਲਬਰਨ : Regional Express (Rex) ਏਅਰਲਾਈਨਜ਼ ਪ੍ਰਸ਼ਾਸਨ ਵਿੱਚ ਚਲੀ ਗਈ ਹੈ। ਯਾਨੀਕਿ ਇਸ ਦਾ ਕੰਟਰੋਲ ਹੁਣ ਕੰਪਨੀ ਦੇ ਡਾਿੲਰੈਕਟਰਾਂ ਦੀ ਬਜਾਏ ਬਾਹਰੀ ਵਿਅਕਤੀ ਕੋਲ ਚਲਾ ਜਾਵੇਗਾ ਜੋ ਇਸ ਦੇ ਭਵਿੱਖ ਦਾ ਫੈਸਲਾ ਕਰੇਗਾ ਅਤੇ ਕਰਜ਼ਾ ਦੇਣ ਵਾਲਿਆਂ ਨੂੰ ਭੁਗਤਾਨ ਕਰਨ ਦਾ ਜ਼ਰੀਆ ਲੱਭੇਗਾ। ਕੰਪਨੀ ਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਨੌਕਰੀਆਂ ’ਤੇ ਵੀ ਖ਼ਤਰਾ ਪੈਦਾ ਹੋ ਗਿਆ ਹੈ। ਆਸਟ੍ਰੇਲੀਆ ਅੰਦਰ ਉਡਾਣਾਂ ਚਲਾਉਣ ਵਾਲੀ Rex ਕੋਵਿਡ-19 ਤੋਂ ਬਾਅਦ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕਰ ਰਹੀ ਸੀ। ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਇਸ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਪਰ ਰੀਜਨਲ ਜਹਾਜ਼ ਅਜੇ ਵੀ ਨਿਰਧਾਰਤ ਸਮੇਂ ਅਨੁਸਾਰ ਚੱਲ ਰਹੇ ਹਨ।

ਜਿਨ੍ਹਾਂ ਪ੍ਰਭਾਵਤ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਉਨ੍ਹਾਂ ’ਚ:

  • ਮੈਲਬਰਨ ਤੋਂ ਕੈਨਬਰਾ, ਬ੍ਰਿਸਬੇਨ, ਕੂਲੰਗਾਟਾ ਗੋਲਡ ਕੋਸਟ, ਹੋਬਾਰਟ, ਸਿਡਨੀ ਅਤੇ ਪਰਥ ਦੀ ਉਡਾਨ
  • ਸਿਡਨੀ ਤੋਂ ਬ੍ਰਿਸਬੇਨ, ਕੂਲੰਗਾਟਾ ਗੋਲਡ ਕੋਸਟ ਅਤੇ ਐਡੀਲੇਡ ਦੀ ਉਡਾਨ
  • ਬ੍ਰਿਸਬੇਨ ਤੋਂ ਐਡੀਲੇਡ ਅਤੇ ਕੇਅਰਨਜ਼ ਦੀ ਉਡਾਨ
  • ਐਡੀਲੇਡ ਤੋਂ ਪਰਥ
    ਦੀ ਉਡਾਨ ਸ਼ਾਮਲ ਹੈ।

Virgin Australia ਅਤੇ Qantas ਪ੍ਰਭਾਵਿਤ ਮੁਸਾਫ਼ਰਾਂ ਨੂੰ ਮਦਦ ਦੀ ਪੇਸ਼ਕਸ਼ ਕਰ ਰਹੇ ਹਨ, ਜਿਸ ਵਿੱਚ ਪ੍ਰੀਪੇਡ ਟਿਕਟਾਂ ਨੂੰ ਮਨਜ਼ੂਰ ਕਰਨਾ ਜਾਂ ਬਦਲਵੀਆਂ ਉਡਾਣਾਂ ’ਤੇ ਮੁਫਤ ਰੀ-ਬੁਕਿੰਗ ਸ਼ਾਮਲ ਹੈ। ਯਾਤਰੀ ਕ੍ਰਮਵਾਰ 14 ਅਗਸਤ ਜਾਂ 31 ਅਗਸਤ ਤੱਕ ਰੀਬੁਕਿੰਗ ਕਰਨ ਲਈ Virgin Australia ਜਾਂ Qantas ਨਾਲ ਸੰਪਰਕ ਕਰ ਸਕਦੇ ਹਨ। Rex ਟਿਕਟਾਂ ਖ਼ਰੀਦਣ ਵਾਲੇ ਮੁਸਾਫ਼ਰਾਂ ਨੂੰ ਰਿਫੰਡ ਨਹੀਂ ਦੇ ਰਿਹਾ ਹੈ, ਪਰ ਮੁਸਾਫ਼ਰ ਯਾਤਰਾ ਬੀਮੇ ਨਾਲ ਕਵਰ ਕੀਤੇ ਜਾ ਸਕਦੇ ਹਨ ਜਾਂ ਆਪਣੀ ਕ੍ਰੈਡਿਟ ਕਾਰਡ ਕੰਪਨੀ ਰਾਹੀਂ ਰਿਫੰਡ ਦਾ ਦਾਅਵਾ ਕਰ ਸਕਦੇ ਹਨ। ਪ੍ਰਸ਼ਾਸਨ ਦੀ ਮਿਆਦ ਦੌਰਾਨ Rex ਫਲਾਇਰ ਫ੍ਰੀਕੁਐਂਟ ਫਲਾਇਰ ਪੁਆਇੰਟ ਫ੍ਰੀਜ਼ ਕੀਤੇ ਜਾਣਗੇ।