ਹਰਮੀਤ ਢਿੱਲੋਂ ਨੇ ਆਲੋਚਕਾਂ ਨੂੰ ਦਿੱਤਾ ਮੋੜਵਾਂ ਜਵਾਬ, ਕਿਹਾ, ‘ਰਿਪਬਲਿਕਨ ਪਾਰਟੀ ਕੋਈ ਚਰਚ ਨਹੀਂ’

ਮੈਲਬਰਨ : ਅਮਰੀਕਾ ਦੀ ਰਿਪਬਲਿਕਨ ਪਾਰਟੀ ਲੀਡਰ ਹਰਮੀਤ ਢਿੱਲੋਂ ਨੇ RNC ਦੀ ਪਹਿਲੀ ਰਾਤ ਸਿੱਖ ਅਰਦਾਸ ਕਰ ਕੇ ਸਮਾਪਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਰੂੜ੍ਹੀਵਾਦੀ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਜੇਕਰ RNC ’ਚ ਕੋਈ ਅਰਦਾਸ ਹੋਣੀ ਚਾਹੀਦੀ ਸੀ ਤਾਂ ਉਹ ਕ੍ਰਿਸਚਨ ਹੋਣੀ ਚਾਹੀਦੀ ਸੀ। ਹਾਲਾਂਕਿ ਹਰਮੀਤ ਕੌਰ ਨੇ ਅੱਜ ਆਲੋਚਨਾ ਕਰਨ ਵਾਲਿਆਂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਿਪਬਲਿਕਨ ਪਾਰਟੀ ਕੋਈ ਚਰਚ ਨਹੀਂ ਹੈ ਅਤੇ ਉਸ ਨੇ ਆਪਣੇ ਵਿਸ਼ਵਾਸ ਅਨੁਸਾਰ ਅਰਦਾਸ ਸਾਂਝੀ ਕਰਨ ਦਾ ਮਾਣ ਪ੍ਰਾਪਤ ਕੀਤਾ।

ਢਿੱਲੋਂ ਦੇ ਇਸ ਦਾਅਵੇ ਦੇ ਬਾਵਜੂਦ ਕਿ RNC ਦੌਰਾਨ ਉਨ੍ਹਾਂ ਨੂੰ ਬਹੁਤ ਸਾਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਸਨ, ਉਨ੍ਹਾਂ ਨੂੰ ਆਨਲਾਈਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਢਿੱਲੋਂ ਨੇ ਕਿਹਾ ਕਿ ਉਨ੍ਹਾਂ ਸਿਰਫ਼ ਇਹ ਦਰਸਾਉਣ ਲਈ ਅਰਦਾਸ ਕੀਤੀ ਕਿ ਰਿਪਬਲਿਕਨ ਪਾਰਟੀ ਵਿਚ ਉਨ੍ਹਾਂ ਦੇ ਧਰਮ ਦੇ ਲੋਕਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੈਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸੰਦੇਸ਼ ਦੇਵਾਂ ਕਿ ਸਾਡਾ (ਸਿੱਖਾਂ ਦਾ) ਇਸ ਪਾਰਟੀ ’ਚ ਸਵਾਗਤ ਹੈ। ਮੈਨੂੰ ਲਗਦਾ ਹੈ ਕਿ ਇਹ ਦਰਸਾਉਣ ਦਾ ਇੱਕ ਤਰੀਕਾ ਇਹ ਹੈ ਕਿ ਸਾਡੇ ਲੋਕ ਮੰਚ ’ਤੇ ਹਨ ਅਤੇ ਸਾਡਾ ਸਵਾਗਤ ਹੈ।’’