ਮੈਲਬਰਨ : ਆਸਟ੍ਰੇਲੀਆ ਨੇ 21 ਲੋਕਾਂ ਦੀ ਜਾਨ ਲੈਣ ਵਾਲੇ MV Noongah ਜਹਾਜ਼ 55 ਸਾਲ ਬਾਅਦ ਲੱਭ ਲਿਆ ਹੈ। ਇਸ ਜਹਾਜ਼ ਹਾਦਸੇ ’ਚ 21 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਜਹਾਜ਼ 23 ਅਗਸਤ 1969 ਨੂੰ ਨਿਊ ਸਾਊਥ ਵੇਲਜ਼ (NSW) ਤੋਂ ਟਾਊਨਸਵਿਲੇ ਲਈ ਰਵਾਨਾ ਹੋਇਆ ਸੀ। ਇਸ ਨੇ ਲਗਭਗ 1300 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਸੀ ਪਰ ਅਚਾਨਕ ਇੱਕ ਤੂਫ਼ਾਨ ਤੋਂ ਬਾਅਦ ਇਹ 315 ਕਿਲੋਮੀਟਰ ਦੂਰ ਜਾ ਕੇ ਹੀ ਡੁੱਬ ਗਿਆ ਸੀ। ਜਹਾਜ਼ ‘ਚ 52 ਲੋਕ ਸਵਾਰ ਸਨ, ਜੋ ਸਟੀਲ ਨਾਲ ਭਰੇ ਕੰਟੇਨਰ ਲੈ ਕੇ ਜਾ ਰਹੇ ਸਨ।
ਜਹਾਜ਼ ਡੁੱਬਣ ਤੋਂ ਬਾਅਦ ਆਸਟ੍ਰੇਲੀਆਈ ਫੌਜ ਨੇ ਇਤਿਹਾਸ ਦੀ ਸਭ ਤੋਂ ਵੱਡੀ ਸਮੁੰਦਰੀ ਖੋਜ ਕੀਤੀ ਸੀ। ਕੁਝ ਘੰਟਿਆਂ ਦੇ ਅੰਦਰ ਹੀ ਇਸ ਜਹਾਜ਼ ’ਤੇ ਸਵਾਰ ਲੋਕ ਲੱਕੜ ਸਹਾਰੇ ਤੈਰਦੇ ਲੋਕ ਮਿਲੇ ਸਨ। ਇਸ ’ਤੇ ਸਵਾਰ 26 ਲੋਕਾਂ ਨੂੰ ਬਚਾਇਆ ਗਿਆ। ਉਦੋਂ ਤੋਂ ਇਹ ਜਹਾਜ਼ ਲੋਕਾਂ ਲਈ ਇਕ ਰਹੱਸ ਬਣਿਆ ਹੋਇਆ ਹੈ।
ਕਾਮਨਵੈਲਥ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਆਰਗੇਨਾਈਜ਼ੇਸ਼ਨ (CSIRO) ਦੇ ਵਿਗਿਆਨੀਆਂ ਨੇ ਪਿਛਲੇ ਮਹੀਨੇ ਜਹਾਜ਼ ਦਾ ਪਤਾ ਲਗਾਉਣ ਲਈ ਖੋਜ ਸ਼ੁਰੂ ਕੀਤੀ ਸੀ। ਇਸ ਦੇ ਲਈ ਇਕ ਹਾਈਟੈਕ ਜਹਾਜ਼ ਨੂੰ ਸਥਾਨ ‘ਤੇ ਭੇਜਿਆ ਗਿਆ ਸੀ। ਵਿਗਿਆਨੀਆਂ ਮੁਤਾਬਕ ਉਨ੍ਹਾਂ ਨੂੰ ਜਹਾਜ਼ ਦਾ ਮਲਬਾ ਜ਼ਮੀਨ ਦੀ ਸਤ੍ਹਾ ਤੋਂ 170 ਮੀਟਰ ਹੇਠਾਂ ਮਿਲਿਆ। ਹੁਣ ਸਿਡਨੀ ਪ੍ਰੋਜੈਕਟ ਦੇ ਤਹਿਤ ਜਹਾਜ਼ ਡੁੱਬਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ।
CSIRO ਨੇ ਕਿਹਾ ਕਿ ਅੱਜ ਵੀ ਉਸ ਦੁਖਾਂਤ ਦੀ ਯਾਦ ਲੋਕਾਂ ਵਿੱਚ ਤਾਜ਼ਾ ਹੈ। ਸਾਨੂੰ ਉਮੀਦ ਹੈ ਕਿ ਜਹਾਜ਼ ਦੇ ਮਿਲਣ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।