(Domestic Viloence in Australia) ਆਸਟਰੇਲੀਆ `ਚ ਡੋਮੈਸਟਿਕ ਵਾਇਉਲੈਂਸ ਦਾ ਡੰਗ – ਹਰ ਹਫ਼ਤੇ ਮੌਤ ਦੀ ਭੇਟ ਚੜ੍ਹ ਜਾਂਦੀ ਹੈ ਇੱਕ ਔਰਤ

ਮੈਲਬਰਨ :

Domestic Viloence in Australia

ਆਸਟਰੇਲੀਆ ਵਰਗੇ ਵਿਕਸਤ ਮੁਲਕ `ਚ ਵੀ ਡੋਮੈਸਟਿਕ ਵਾਇਉਲੈਂਸ (ਘਰੇਲੂ ਹਿੰਸਾ) ਦਾ ਦੈਂਤ ਹਰ ਹਫ਼ਤੇ ਇੱਕ ਔਰਤ ਨੂੰ ਨਿਗਲ ਲੈਂਦਾ ਹੈ। ਭਾਵ ਵਿਆਹੁਤਾ ਔਰਤਾਂ ਚੋਂ ਉਨ੍ਹਾਂ ਦੇ ਪਤੀ ਜਾਂ ਸਾਥ ਛੱਡ ਚੁੱਕੇ ਪਤੀ ਹਰ ਹਫ਼ਤੇ ਇੱਕ ਪਤਨੀ ਦਾ ਕਤਲ ਕਰ ਦਿੰਦੇ ਹਨ।

ਇਹ ਹੈਰਾਨੀਜਨਕ ਖੁਲਾਸਾ  ਸੋਮਵਾਰ ਨੂੰ ਵਿਕਟੋਰੀਆ ਦੀ ਸਟੇਟ ਪਾਰਲੀਮੈਂਟ ਬਿਲਡਿੰਗ `ਚ ਘਰੇਲੂ ਹਿੰਸਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਇੱਕ ਸੈਮੀਨਾਰ `ਚ ਹੋਇਆ,ਜੋ ਚੇਂਜ ਮੇਕਰ ਫਾਊਂਡੇਸ਼ਨ ਵੱਲੋਂ “ਬਰੇਕਿੰਗ ਦਾ ਸਾਇਲੈਂਸ” ਟਾਈਟਲ ਹੇਠ ਰਾਜ ਮਾਨ ਦੀ ਅਗਵਾਈ `ਚ ਕਰਵਾਇਆ ਗਿਆ ਸੀ।

ਇਹ ਤੱਥ ਵੀ ਸਾਹਮਣੇ ਆਇਆ ਕਿ ਆਸਟਰੇਲੀਆ `ਚ ਚੱਲ ਰਹੇ ਸਾਲ 2024 `ਚ ਹੁਣ ਤੱਕ 53 ਔਰਤਾਂ ਘਰੇਲੂ ਹਿੰਸਾ ਦਾ ਸਿ਼ਕਾਰ ਹੋ ਕੇ ਮੌਤ ਦੇ ਮੂੰਹ `ਚ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 15 ਸਾਲ ਦੀ ਉਮਰ ਤੱਕ ਹਰ ਛੇਆਂ ਵਿੱਚੋਂ ਇੱਕ ਔਰਤ ਸੈਕਸੂਅਲ ਹਿੰਸਾ ਦਾ ਸਿ਼ਕਾਰ ਬਣ ਚੁੱਕੀ ਹੈ। ਇਸੇ ਤਰ੍ਹਾਂ ਡੋਮੈਸਟਿਕ ਅਤੇ ਫੈਮਿਲੀ ਵਾਇਉਲੈਂਸ ਕਰਕੇ ਕਈ ਔਰਤਾਂ ਅਤੇ ਬੱਚਿਆਂ ਨੂੰ ਘਰੋਂ ਬੇਘਰ ਵੀ ਹੋਣਾ ਪੈਂਦਾ ਹੈ। ਜਦੋਂ ਕਿ ਕੌੜਾ ਸੱਚ ਇਹ ਵੀ ਹੈ ਕਿ ਆਸਟਰੇਲੀਆ ਦੀ ਧਰਤੀ ਦੇ ਮੂਲ ਬਾਸਿ਼ੰਦੇ (ਐਬੋਰਿਜਨ) ਪਰਿਵਾਰਾਂ ਨਾਲ ਸਬਧੰਤ ਔਰਤਾਂ ਨੂੰ ਹੋਰ ਕਮਿਊਨਿਟੀਜ਼ ਦੀਆਂ ਔਰਤਾਂ ਨਾਲੋਂ 32 ਗੁਣਾਂ ਵੱਧ ਘਰੇਲੂ ਹਿੰਸਾ ਬਰਦਾਸ਼ਤ ਕਰਨੀ ਪੈਂਦੀ ਹੈ, ਜਿਨ੍ਹਾਂ ਨੂੰ ਕਈ ਵਾਰੀ ਹਸਪਤਾਲ ਵੀ ਭਰਤੀ ਕਰਵਾਉਣਾ ਪੈਂਦਾ ਹੈ।

 

ਇਸ ਸੈਮੀਨਾਰ ਦੇ ਸ਼ੁਰੂ `ਚ ਸਭ ਤੋਂ ਪਹਿਲਾਂ ਚੇਂਜ ਮੇਕਰ ਫਾਊਡੇਸ਼ਨ ਦੀ ਆਗੂ ਰਾਜ ਮਾਨ ਨੇ ਆਪਣੀ ਸੰਸਥਾ ਬਾਰੇ ਚਾਨਣਾ ਪਾਇਆ। ਜਿਸ ਪਿੱਛੋਂ ਪਾਰਲੀਮੈਂਟ ਮੈਂਬਰ ਇਵਾਨ ਵਾਲਟਰਜ, ਸਮੰਥਾ ਰਤਣਮ ਅਤੇ ਲੂਬਾ ਗ੍ਰਿਗੋਰੋਵਿਚ ਤੋਂ ਇਲਾਵਾ ਡੀਪੀਵੀ ਹੈੱਲਥ ਤੋਂ ਲੂਸੀ ਫੋਰਵੁੱਡ, ਸਿੱਖ ਚੈਰਿਟੀ ਕਲੱਬ ਤੋਂ ਡਾ ਸਰਨਬੀਰ ਕੌਰ, ਸਿੱਖ ਕਮਿਊਨਿਟੀ ਕੁਨੈਕਸ਼ਨਜ ਤੋਂ ਗੁਰਿੰਦਰ ਕੌਰ, ਡੀਕਨ ਯੂਨੀਵਰਸਿਟੀ ਤੋਂ ਸਾਇਕਾਲੋਜੀ ਪ੍ਰੋਫ਼ੈਸਰ ਡਾ ਲਤਾ ਸੱਤਿਅਨ, ਵਾਈਟ ਰਿਬਨ ਤੋਂ ਡੈਨੀਅਲ ਗਾਰਬਿਟ, ਵਿਟਲਸੀ ਕਮਿਊਨਿਟੀ ਕੁਨੈਕਸ਼ਨਜ ਤੋਂ ਬੌਬੀ ਲਾਮਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਮੀਨੂ ਨੇ ਨਿਭਾਈ।

ਬੁਲਾਰਿਆਂ ਨੇ ਸੱਦਾ ਦਿੱਤਾ ਕਿ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਇੱਕਜੁੱਟਤਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਹੋਰ ਮਨੁੱਖੀ ਜਾਨਾਂ ਮੌਤ ਦੇ ਮੂੰਹ `ਚ ਨਾ ਜਾ ਸਕਣ।

Team : Sea7 Australia