ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਢਿੱਲੋਂ ਨੂੰ ਕਰਨਾ ਪੈ ਰਿਹੈ ਭਾਰੀ ਵਿਰੋਧ ਦਾ ਸਾਹਮਣਾ, ਜਾਣੋ ਕਾਰਨ

ਮੈਲਬਰਨ : ਅਮਰੀਕਾ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਅਰਦਾਸ ਕਰਨ ਤੋਂ ਬਾਅਦ ਸਿੱਖ ਵਕੀਲ ਅਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮਹਿਲਾ ਲੀਡਰ ਹਰਮੀਤ ਢਿੱਲੋਂ ਨੂੰ ਸੋਸ਼ਲ ਮੀਡੀਆ ‘ਤੇ ਨਫ਼ਰਤ ਅਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਕੱਟੜ ਲੋਕਾਂ ਨੇ ਅਮਰੀਕੀ ਚੋਣਾਂ ’ਚ ਗ਼ੈਰ-ਇਸਾਈ ਧਾਰਮਕ ਸ਼ਰਧਾ ਨੂੰ ਉਤਸ਼ਾਹਤ ਕਰਨ ਦਾ ਵਿਰੋਧ ਕੀਤਾ ਹੈ।

ਅਜਿਹੀਆਂ ਟਿੱਪਣੀਆਂ ਨੇ ਪਾਰਟੀ ਅੰਦਰ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਦੇ ਰਾਹ ’ਚ ਡੋਨਾਲਡ ਟਰੰਪ ਅਤੇ ਰਿਪਬਲਿਕਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਟਰੰਪ ਅੰਦੋਲਨ ‘ਚ ਪ੍ਰਸਿੱਧੀ ਹਾਸਲ ਕਰਨ ਵਾਲੀ ਹਰਮੀਤ ਢਿੱਲੋਂ ‘ਤੇ ਟਰੰਪ ਦੇ ਕੱਟੜ ਸੱਜੇ ਪੱਖੀ ਸਮਰਥਕਾਂ ਨੇ ਹਮਲਾ ਕੀਤਾ, ਜਿਸ ‘ਚ ਗੋਰੇ ਰਾਸ਼ਟਰਵਾਦੀ Nick Fuentes ਵੀ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਅਰਦਾਸ ਨੂੰ ‘ਈਸ਼ਨਿੰਦਾ’ ਅਤੇ ‘ਮਜ਼ਾਕ’ ਕਰਾਰ ਦਿੱਤਾ।

ਹੋਰ ਰੂੜ੍ਹੀਵਾਦੀ ਮੀਡੀਆ ਹਸਤੀਆਂ ਅਤੇ ਰਿਪਬਲਿਕਨ ਕਾਰਕੁਨਾਂ ਨੇ ਵੀ ਹਰਮੀਤ ਢਿੱਲੋਂ ਵੱਲੋਂ ਸਟੇਜ ’ਤੇ ਅਰਦਾਸ ਕਰਨ ਦੀ ਆਲੋਚਨਾ ਕੀਤੀ, ਕੁਝ ਤਾਂ ਈਸਾਈ ਰਾਸ਼ਟਰਵਾਦ ਅਤੇ ਯਹੂਦੀ ਵਿਰੋਧੀ ਬਿਆਨਬਾਜ਼ੀ ਕਰਨ ਲੱਗ ਪਏ। ਇਹ ਘਟਨਾ ਆਪਣੇ ਵੋਟਰ ਅਧਾਰ ਨੂੰ ਵਧਾਉਣ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦੇ ਕੁਝ ਸਮਰਥਕਾਂ ਦੇ ਨਸਲੀ ਅਤੇ ਧਾਰਮਿਕ ਪੱਖਪਾਤ ਵਿਚਕਾਰ ਤਣਾਅ ਨੂੰ ਦਰਸਾਉਂਦੀ ਹੈ।