ਮੈਲਬਰਨ : ਇੱਕ ਵੱਡੇ ਤਕਨੀਕੀ ਨੁਕਸ ਕਾਰਨ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਲੱਖਾਂ ਕੰਪਿਊਟਰ ਚਲਦੇ-ਚਲਦੇ ਬੰਦ ਹੋ ਗਏ ਜਿਸ ਕਾਰਨ ਬੈਂਕਾਂ, ਏਅਰਲਾਈਨਾਂ, ਮੀਡੀਆ ਆਊਟਲੇਟਾਂ ਅਤੇ ਸਰਕਾਰੀ ਸੇਵਾਵਾਂ ’ਚ ਕੰਮਕਾਜ ਠੱਪ ਹੋ ਗਿਆ ਅਤੇ ਇੱਥੇ ਮੌਜੂਦ ਪ੍ਰੇਸ਼ਾਨ ਲੋਕਾਂ ’ਚ ਹਾਹਾਕਾਰ ਵੇਖਣ ਨੂੰ ਮਿਲੀ।
ਇਸ ਸਮੱਸਿਆ ਦਾ ਕਾਰਨ ਸਾਇਬਰ ਸਿਕਿਉਰਿਟੀ ਤਕਨਾਲੋਜੀ ਕੰਪਨੀ Crowdstrike ਦੇ ਸਾਫ਼ਟਵੇਅਰ ’ਚ ਪਏ ਤਕਨੀਕੀ ਨੁਕਸ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਲੱਖਾਂ ਕੰਪਿਊਟਰਾਂ ’ਚ “bluescreen error” ਵੇਖਿਆਅ ਗਿਆ ਅਤੇ ਸਰਵਰ ਅਤੇ ਡਿਵਾਈਸ ਵਾਰ-ਵਾਰ ਰੀਸਟਾਰਟ ਹੋਣ ਲੱਗੇ।
ਇਸ ਦਾ ਅਸਰ ਨਿਊਜ਼ੀਲੈਂਡ, ਜਾਪਾਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ ‘ਤੇ ਵੀ ਪੈ ਰਿਹਾ ਹੈ। Crowdstrike ਨੇ ਆਪਣੇ ਸਾਫ਼ਟਵੇਅਰ ’ਚ ਇਸ ਨੁਕਸ ਨੂੰ ਮਨਜ਼ੂਰ ਕੀਤਾ ਹੈ ਅਤੇ ਇਸ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ “ਫਾਲਕਨ ਸੈਂਸਰ” ਸਾੱਫਟਵੇਅਰ ਨਾਲ ਸਬੰਧਤ ਹੈ। ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਹੈਕ ਜਾਂ ਸਾਈਬਰ ਸੁਰੱਖਿਆ ਘਟਨਾ ਹੈ, ਬਲਕਿ ਤੀਜੀ ਧਿਰ ਦੇ ਸਾਫਟਵੇਅਰ ਪਲੇਟਫਾਰਮ ਨਾਲ ਤਕਨੀਕੀ ਮੁੱਦਾ ਹੈ।