ਮੈਲਬਰਨ : ਵਿਕਟੋਰੀਆ ਅਸੈਂਬਲੀ ਮੈਂਬਰਾਂ ਦੀ ਤਨਖ਼ਾਹ ’ਚ ਲਗਾਤਾਰ ਦੂਜੇ ਸਾਲ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨਾਲ ਹੀ ਜੈਸਿੰਟਾ ਐਲਨ ਹੁਣ ਦੇਸ਼ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਪ੍ਰੀਮੀਅਰ ਹੈ, ਜਿਸ ਦੀ ਕੁੱਲ ਤਨਖਾਹ ਅੱਧਾ ਮਿਲੀਅਨ ਡਾਲਰ ਹੈ। ਹਾਲਾਂਕਿ, ਡਿਪਟੀ ਪ੍ਰੀਮੀਅਰ ਬੇਨ ਕੈਰੋਲ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੀ ਤਨਖ਼ਾਹ ’ਚ ਇਹ ਵਾਧਾ ਯੂਨੀਸੇਫ ਨੂੰ ਦਾਨ ਕਰ ਦੇਣਗੇ। ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੋਵੇਂ ਛੁੱਟੀ ‘ਤੇ ਹਨ, ਇਸ ਲਈ ਉਨ੍ਹਾਂ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਕੀ ਉਹ ਵੀ ਆਪਣੀ ਤਨਖਾਹ ਵਿੱਚ ਵਾਧਾ ਚੈਰਿਟੀ ਲਈ ਦਾਨ ਕਰਨਗੇ। ਦਸਿਆ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵੋਟਰ ਸਟੇਟ ਦੇ ਸਿਆਸਤਦਾਨਾਂ ਦੀ ਤਨਖ਼ਾਹ ’ਚ ਇਸ ਵਾਧੇ ਤੋਂ ਨਾਰਾਜ਼ ਹਨ। ਸਾਰੇ ਸੰਸਦ ਮੈਂਬਰਾਂ ਦੀ ਤਨਖ਼ਾਹ ’ਚ 3.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।