ਮੈਲਬਰਨ : ਆਸਟ੍ਰੇਲੀਆ ’ਚ ਵਸਣ ਦੀ ਚਾਹਤ ’ਚ ਪੰਜਾਬ ’ਚ ਫ਼ਰਜ਼ੀ ਵਿਆਹ (ਜਾਂ ਕੰਟਰੈਕਟ ਮੈਰਿਜ) ਹੋ ਰਹੇ ਹਨ, ਜਿਸ ਜ਼ਰੀਏ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਧੰਦਾ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਬਾਰਡਰ ਫ਼ੋਰਸ (ABF) ਨੇ ਫ਼ਰਜ਼ੀ ਵਿਆਹ ਕਰਵਾ ਕੇ ਪ੍ਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿਵਾਉਣ ਦੇ ਗਰੋਹ ਦਾ ਛੇ ਮਹੀਨੇ ਪਹਿਲਾਂ ਪ੍ਰਗਟਾਵਾ ਕੀਤਾ ਸੀ। ਇਸ ਦੌਰਾਨ 164 ਪੰਜਾਬੀਆਂ ਦੇ ਪਾਰਟਨਰ ਵੀਜ਼ਾ ਬਿਨੈ ਰੱਦ ਕੀਤੇ ਗਏ ਸਨ।
ਬੀਤੇ ਦਿਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਆਸਟ੍ਰੇਲੀਆ ਜਾਣ ਲਈ ਫ਼ਰਜ਼ੀ ਵਿਆਹ ਕਰਨ ਵਾਲੇ ਰਜਨੀ (36) ਅਤੇ ਬਲਕਾਰ ਸਿੰਘ ਢਿੱਲੋਂ (34) ਵਿਰੁਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਤੋਂ ਸ਼ਿਕਾਇਤ ਮਿਲੀ ਸੀ। ਜੋੜੇ ਨੇ ਦਸਿਆ ਕਿ ਉਨ੍ਹਾਂ ਦੇ ਵੀਜ਼ਾ ਸਫ਼ਰ ਪ੍ਰੋਗਰਾਮ ਅਤੇ ਹੋਰ ਸਾਰੇ ਦਸਤਾਵੇਜ਼ਾਂ ਦਾ ਪ੍ਰਬੰਧ ਇੱਕ ਏਜੰਟ ਨੇ ਕੀਤਾ ਸੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਏਜੰਟ ਨੇ ਜੋੜੇ ਨੂੰ ਕੋਰਟ ਮੈਰਿਜ ਸਟੀਫ਼ੀਕੇਟ ਦਿਵਾਉਣ ’ਚ ਮਦਦ ਕੀਤੀ ਅਤੇ ਸਪਾਊਸ ਵੀਜ਼ਾ ਹਾਸਲ ਕਰਨ ਲਈ ਉਨ੍ਹਾਂ ਤੋਂ 16.50 ਲੱਖ ਰੁਪਏ ਲਏ।
ਸ਼ਿਕਾਇਤ ਅਨੁਸਾਰ ਏਜੰਟ ਨੇ ਜੋੜੇ ਨੂੰ ਭਰੋਸਾ ਦਿੱਤਾ ਕਿ ਵਿਆਹ ਦੇ ਕਾਗ਼ਜ਼ ਕਾਨੂੰਨੀ ਰੂਪ ’ਚ ਜਾਇਜ਼ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਆਸਟ੍ਰੇਲੀਆ ’ਚ ਵਸਣ ਲਈ ਸਪਾਊਸ ਵੀਜ਼ਾ ਮਿਲ ਸਕੇਗਾ ਅਤੇ ਉਹ ਉੱਥੇ ਵਸਣ ਤੋਂ ਬਾਅਦ ਤਲਾਕ ਲੈ ਸਕਦੇ ਹਨ।