ਆਸਟ੍ਰੇਲੀਆ ’ਚ ਲਾਗੂ ਹੋਏ ਵੇਪਿੰਗ ਸੁਧਾਰ, ਫ਼ਾਰਮੇਸੀਆਂ ਤੋਂ ਇਲਾਵਾ ਵੇਪਸ ਦੀ ਵਿਕਰੀ ’ਤੇ ਲੱਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਫਾਰਮੇਸੀਆਂ ਨੂੰ ਛੱਡ ਕੇ ਈ-ਸਿਗਰਟ ਦੀ ਵਿਕਰੀ ਅਤੇ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। 1 ਜੁਲਾਈ ਤੋਂ, ਨਿਕੋਟੀਨ ਵਾਲੇ ਵੇਪਸ ਸਿਰਫ ਫਾਰਮੇਸੀਆਂ ਵੱਲੋਂ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਵੇਚੇ ਜਾ ਸਕਦੇ ਹਨ ਜਿਨ੍ਹਾਂ ਕੋਲ ਉਨ੍ਹਾਂ ਦੇ ਡਾਕਟਰ ਤੋਂ ਲਿਖਿਆ ਪ੍ਰਿਸਕ੍ਰਿਪਸ਼ਨ ਹੈ। ਬੱਚਿਆਂ ਨੂੰ ਇਸ ਨਸ਼ੇ ਤੋਂ ਬਚਾਉਣ ਲਈ ਵੇਪਸ ਨੂੰ ਸਾਦੀ ਪੈਕੇਜਿੰਗ ਵਿੱਚ ਅਤੇ ਬਿਨਾਂ ਸੁਆਦ ਦੇ ਵੇਚਿਆ ਜਾਵੇਗਾ।

ਹਾਲਾਂਕਿ 1 ਅਕਤੂਬਰ ਤੋਂ, ਫਾਰਮੇਸੀਆਂ ਨਿਕੋਟੀਨ ਵਾਲੇ ਵੇਪਸ ਨੂੰ ਬਿਨਾਂ ਡਾਕਟਰੀ ਤਜਵੀਜ਼ ਦੇ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਵੇਚ ਸਕਦੀਆਂ ਹਨ। 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਫਾਰਮਾਸਿਸਟ ਤੋਂ ਵੇਪਸ ਖਰੀਦਣ ਲਈ ਇੱਕ ਡਾਕਟਰੀ ਤਜਵੀਜ਼ ਦੀ ਲੋੜ ਪਵੇਗੀ। ਸਿਗਰਟ ਖਰੀਦਣ ਦੀ ਤਰ੍ਹਾਂ ਹੀ ਕਾਊਂਟਰ ’ਤੇ ਵੇਪਸ ਉਪਲਬਧ ਹੋਣਗੇ। ਈ-ਸਿਗਰਟ ਵਿਚ ਨਿਕੋਟੀਨ ਦੀ ਮਾਤਰਾ ਵੀ ਸੀਮਤ ਹੋਵੇਗੀ।