ਸਾਊਥ ਆਸਟ੍ਰੇਲੀਆ ’ਚ ਉਮਰ ਕੈਦ ਕੱਟ ਰਹੇ ਤਾਰਿਕਜੋਤ ਸਿੰਘ ਨੂੰ 2049 ਤਕ ਨਹੀਂ ਮਿਲ ਸਕੇਗੀ ਪੈਰੋਲ

ਮੈਲਬਰਨ : ਸਾਊਥ ਆਸਟ੍ਰੇਲੀਆ ’ਚ ਆਪਣੀ ਸਾਬਕਾ ਪ੍ਰੇਮਿਕਾ ਨੂੰ ਜ਼ਿੰਦਾ ਦਫ਼ਨਾਉਣ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਾਰਿਕਜੋਤ ਸਿੰਘ ਦੀ ਪੈਰੋਲ ਦੀ ਮਿਆਦ ਪੰਜ ਸਾਲ ਹੋਰ ਵਧਾ ਕੇ 28 ਸਾਲ ਕਰ ਦਿੱਤੀ ਗਈ ਹੈ। ਮਾਰਚ 2021 ‘ਚ 21 ਸਾਲ ਦੀ ਜਸਮੀਨ ਕੌਰ ਦੇ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤਾਰਿਕਜੋਤ ਸਿੰਘ ਹੁਣ ਸਤੰਬਰ 2049 ‘ਚ ਹੀ ਪੈਰੋਲ ਲਈ ਯੋਗ ਹੋਵੇਗਾ ਜਦੋਂ ਉਸ ਦੀ ਉਮਰ 49 ਸਾਲਾਂ ਦੀ ਹੋ ਜਾਵੇਗੀ। ਇਸ ਵੇਲੇ ਉਹ 24 ਸਾਲਾਂ ਦਾ ਹੈ।

ਪਬਲਿਕ ਪ੍ਰੋਸੀਿਕਊਸ਼ਨ ਡਾਇਰੈਕਟਰ ਨੇ ਤਾਰਿਕਜੋਤ ਸਿੰਘ ਨੂੰ ਪੈਰੋਲ ਨਾ ਦੇਣ ਦੀ ਮਿਆਦ ਵਧਾਉਣ ਦੀ ਅਪੀਲ ਪਾਈ ਸੀ ਜਿਸ ਬਾਰੇ ਵੀਰਵਾਰ ਨੂੰ ਫ਼ੈਸਲਾ ਕੀਤਾ ਗਿਆ। ਜਸਮੀਨ ਕੌਰ ਏਜਡ ਕੇਅਰ ਵਰਕਰ ਅਤੇ ਨਰਸਿੰਗ ਸਟੂਡੈਂਟ ਸੀ, ਜਿਸ ਨੂੰ ਉਸ ਦੇ ਕੰਮਕਾਜ ਵਾਲੀ ਥਾਂ ਤੋਂ ਅਗਵਾ ਕਰ ਕੇ, ਬੰਨ੍ਹ ਕੇ ਹਾਊਕਰ ਨੇੜੇ ਮੋਰਾਲਾਨਾ ਕ੍ਰੀਕ ’ਚ ਦਫ਼ਨਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਤਾਰਿਕਜੋਤ ਸਿੰਘ ਨੇ ਖ਼ੁਦ ਨੂੰ ਨਾਮਨਜ਼ੂਰ ਕਰਨ ਲਈ ਜਸਮੀਨ ਕੌਰ ਦੀ ਸਜ਼ਾ ਦੇਣ ਲਈ ਸੋਚੀ-ਸਮਝੀ ਸਾਜ਼ਸ਼ ਤਹਿਤ ਉਸ ਦਾ ਕਤਲ ਕੀਤਾ ਸੀ। ਜਸਮੀਨ ਕੌਰ ਦੀ ਮੌਤ ਤੋਂ ਤਿੰਨ ਮਹੀਨੇ ਪਹਿਲਾਂ ਦੋਹਾਂ ਵਿਚਕਾਰ ਰਿਸ਼ਤਾ ਖ਼ਤਮ ਹੋ ਗਿਆ ਸੀ, ਪਰ ਤਾਰਿਕਜੋਤ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਉਹ ਜਸਮੀਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਸੰਪਰਕ ਕਰਦਾ ਰਿਹਾ ਸੀ।