ਮੈਲਬਰਨ : ਪਰਥ ’ਚ ਰਹਿੰਦੇ ਇਕ ਪੰਜਾਬੀ ‘ਤੇ ਇੰਡੀਆ ਸਥਿਤ ਪੰਜਾਬ ਵਿਚ ਇਕ ਕਥਿਤ ਘਟਨਾ ਤੋਂ ਬਾਅਦ ਆਪਣੇ ਸਹੁਰੇ ਨੂੰ ਮਾਰਨ ਲਈ ਬੰਦੇ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਇੰਡੀਆ ਦੀ ਪੁਲਿਸ ਨੇ ਪਿਛਲੇ ਸਾਲ 2 ਫਰਵਰੀ ਨੂੰ ਪੰਜਾਬ ਦੇ ਕਾਹਲੋਂ ਪਿੰਡ ਵਿੱਚ ਇੱਕ 65 ਸਾਲ ਦੇ ਵਿਅਕਤੀ ‘ਤੇ ਹਮਲਾ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਦਾ ਸਹੁਰਾ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਹਮਲੇ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ‘ਤੇ ਦੋਸ਼ ਲਗਾਏ ਹਨ, ਜਦੋਂ ਕਿ ਚੌਥੇ ਵਿਅਕਤੀ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਚੌਥਾ ਵਿਅਕਤੀ 42 ਸਾਲ ਦਾ ਮੈਡਿੰਗਟਨ ਰਹਿਣ ਵਾਲਾ ਸ਼ਿਵ ਸ਼ੀਤਲ ਹੈ ਜਿਸ ਨੇ ਆਪਣੇ ਸਹੁਰੇ ਦੇ ਕਤਲ ਲਈ ਬੰਦੇ ਭੇਜੇ ਸਨ। WA ਪੁਲਿਸ ਨੂੰ ਇੰਡੀਆ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਅਤੇ ਕਿਹਾ ਕਿ ਉਹ ਹਵਾਲਗੀ ਦੀ ਮੰਗ ਨਹੀਂ ਕਰਨਗੇ।
ਹਮਲੇ ਤੋਂ ਦੋ ਹਫਤੇ ਬਾਅਦ 65 ਸਾਲ ਦਾ ਪੀੜਤ ਵਾਪਸ ਵੈਸਟਰਨ ਆਸਟ੍ਰੇਲੀਆ ਆ ਗਿਆ, ਜਿੱਥੇ ਪੁਲਿਸ ਅਤੇ ਫ਼ੈਮਿਲੀ ਵਾਇਲੈਂਸ ਟੀਮ ਨੇ ਪਰਿਵਾਰ ਨਾਲ ਮਿਲ ਕੇ ਜਾਂਚ ਸ਼ੁਰੂ ਕੀਤੀ। ਇਸ ਮਹੀਨੇ ਦੀ ਸ਼ੁਰੂਆਤ ‘ਚ 1 ਜੂਨ ਨੂੰ ਸ਼ਿਵ ਸ਼ੀਤਲ ਨੂੰ ਉਸ ਦੀ ਸਾਬਕਾ ਪਤਨੀ ਵੱਲੋਂ ਜਾਰੀ ਪਰਿਵਾਰਕ ਹਿੰਸਾ ਰੋਕੂ ਆਰਡਰ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ 65 ਸਾਲ ਦੇ ਪੀੜਤ ਨੂੰ ਮੁੜ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। 42 ਸਾਲ ਵਿਅਕਤੀ ਨੂੰ ਕੱਲ ਗ੍ਰਿਫਤਾਰ ਕਰ ਕੇ ਉਸ ‘ਤੇ ‘ਗੈਰ-ਕਾਨੂੰਨੀ ਤਰੀਕੇ ਨਾਲ ਕਤਲ ਕਰਨ ਦੀ ਕੋਸ਼ਿਸ਼’ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ 24 ਜੁਲਾਈ ਨੂੰ WA ਸੁਪਰੀਮ ਕੋਰਟ ’ਚ ਪੇਸ਼ ਕੀਤਾ ਜਾਵੇਗਾ।