ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਨੂੰ ਲੱਗੀ ਅੱਗ, 42 ਭਾਰਤੀਆਂ ਸਮੇਤ 49 ਲੋਕਾਂ ਦੀ ਦਰਦਨਾਕ ਮੌਤ

ਮੈਲਬਰਨ : ਕੁਵੈਤ ਦੇ ਅਲ-ਮੰਗਾਫ ‘ਚ ਉਸਾਰੀ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਕ ਰਿਹਾਇਸ਼ ਨੂੰ ਲੱਗੀ ਭਿਆਨਕ ਅੱਗ ਕਾਰਨ 42 ਭਾਰਤੀ ਨਾਗਰਿਕਾਂ ਸਮੇਤ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਛੇ ਮੰਜ਼ਿਲਾ ਇਮਾਰਤ ’ਚ ਅੱਗ ਬੁੱਧਵਾਰ ਸਵੇਰੇ 4:30 ਵਜੇ ਲੱਗੀ ਸੀ ਜਦੋਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ। ਅੱਗ ਲੱਗਣ ਦਾ ਕਾਰਨ ਰਸੋਈ ’ਚ ਸਿਲੰਡਰ ਫਟਣਾ ਦਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਮਜ਼ਦੂਰਾਂ ਦੀ ਮੌਤ ਮੁੱਖ ਤੌਰ ‘ਤੇ ਧੂੰਏਂ ’ਚ ਸਾਹ ਲੈਣ ਕਾਰਨ ਹੋਈ। ਇਸ ਇਮਾਰਤ ਵਿੱਚ ਐਨ.ਬੀ.ਟੀ.ਸੀ. ਗਰੁੱਪ ਦੇ 195 ਤੋਂ ਵੱਧ ਕਰਮਚਾਰੀ ਰਹਿੰਦੇ ਹਨ, ਜੋ ਕਿ ਇੱਕ ਅੰਸ਼ਕ ਤੌਰ ‘ਤੇ ਇੱਕ ਭਾਰਤੀ ਦੀ ਮਲਕੀਅਤ ਵਾਲੀ ਇੰਜੀਨੀਅਰਿੰਗ ਫਰਮ ਹੈ। ਇਮਾਰਤ ਵਿੱਚ ਮੁੱਖ ਤੌਰ ‘ਤੇ ਕੇਰਲ, ਤਾਮਿਲਨਾਡੂ ਅਤੇ ਉੱਤਰੀ ਭਾਰਤੀ ਸਟੇਟਾਂ ਦੇ ਵਸਨੀਕ ਸਨ। ਅੱਗ ਏਨੀ ਭਿਆਨਕ ਸੀ ਕਿ ਬਹੁਤ ਸਾਰੇ ਮ੍ਰਿਤਕਾਂ ਦੀ ਪਛਾਣ ਵੀ ਨਹੀਂ ਹੋ ਸਕਦੀ ਹੈ। ਪਛਾਣ ਲਈ ਡੀ.ਐਨ.ਏ. ਜਾਂਚ ਦੀ ਮਦਦ ਲਈ ਜਾਵੇਗੀ। ਅਜੇ ਤਕ ਜਿਨ੍ਹਾਂ ਤਿੰਨ ਜਣਿਆਂ ਦੀ ਪਛਾਣ ਹੋਈ ਹੈ ਉਨ੍ਹਾਂ ’ਚ ਕੇਰਲ ਵਾਸੀ ਲੂਕੋਸ (48), ਸਾਜਨ ਜਾਰਜ (29) ਅਤੇ ਸ਼ਮੀਰ (30) ਵਜੋਂ ਹੋਈ ਹੈ।