ਮੈਲਬਰਨ ’ਚ ਹੁਣ ਇਨਵੈਸਟਰਾਂ ਦੀ ਬਜਾਏ ਘਰਾਂ ਦੇ ਮਾਲਕਾਂ ਨੂੰ ਦਿੱਤੀ ਜਾਵੇਗੀ ਤਰਜੀਹ! ਜਾਣੋ ਕੌਂਸਲਰ ਨੇ ਕੀ ਕੀਤੀ ਪੇੇਸ਼ਕਸ਼

ਮੈਲਬਰਨ : ਮੈਲਬਰਨ ਦੇ ਅੰਦਰੂਨੀ ਉੱਤਰ ਵਿਚ ਇਕ ਕੌਂਸਲਰ ਨੇ ਲੈਂਡਲੌਰਡਸ ਲਈ ਰੇਟ ਦੁੱਗਣੇ ਕਰਨ ਅਤੇ owner-occupiers ਤੇ ਕਾਰੋਬਾਰੀਆਂ ਲਈ ਇਨ੍ਹਾਂ ਨੂੰ ਅੱਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਆਜ਼ਾਦ ਕੌਂਸਲਰ ਜੇਮਜ਼ ਕੌਨਲਾਨ ਬੁੱਧਵਾਰ ਰਾਤ ਨੂੰ ਇਕ ਮਤਾ ਪੇਸ਼ ਕਰਨ ਜਾ ਰਹੇ ਹਨ, ਜਿਸ ਵਿਚ ਮੈਰੀ-ਬੇਕ ਕੌਂਸਲ ਨੂੰ ਇਸ ਗੱਲ ਦੀ ਜਾਂਚ ਕਰਨ ਲਈ ਕਿਹਾ ਜਾਵੇਗਾ ਕਿ ਉਹ ਪ੍ਰਾਪਰਟੀ ’ਚ ਇਨਵੈਸਟ ਕਰਨ ਵਾਲਿਆਂ ਲਈ ਇਕ ਨਵੀਂ ‘ਵੱਖਰਾ ਰੇਟ’ ਕਿਵੇਂ ਪੇਸ਼ ਕਰ ਸਕਦੀ ਹੈ ਤਾਂ ਜੋ ‘ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਵਧੇਰੇ ਘਰ ਉਪਲਬਧ ਕਰਵਾਏ ਜਾ ਸਕਣ।’

ਮੈਰੀ-ਬੇਕ ਵਿੱਚ ਇੱਕ ਆਮ ਘਰ ਲਈ ਔਸਤ ਰੇਟਸ ਬਿੱਲ – ਜਿਸ ’ਚ ਬ੍ਰੰਸਵਿਕ, ਕੋਬਰਗ, ਫਾਕਵਨਰ ਅਤੇ ਪਾਸਕੋ ਵੇਲ ਵਰਗੇ ਸਬਅਰਬ ਸ਼ਾਮਲ ਹਨ – ਪ੍ਰਤੀ ਸਾਲ 1,800 ਹੈ, ਅਤੇ ਦੁਕਾਨਾਂ, ਗੋਦਾਮਾਂ ਅਤੇ ਉਦਯੋਗਿਕ ਸਾਈਟਾਂ ਵਰਗੀਆਂ ਗੈਰ-ਰਿਹਾਇਸ਼ੀ ਜਾਇਦਾਦਾਂ ਲਈ ਲਗਭਗ 2,700 ਹੈ। ਪਰ ਕੋਨਲਾਨ ਦੇ ਪ੍ਰਸਤਾਵ ਦੇ ਤਹਿਤ, ਮਿਊਂਸੀਪੈਲਿਟੀ ਵਿੱਚ ਪ੍ਰਾਪਰਟੀ ਲੀਜ਼ ’ਤੇ ਦੇਣ ਵਾਲੇ ਨਿਵੇਸ਼ਕਾਂ ਨੂੰ ਪ੍ਰਤੀ ਜਾਇਦਾਦ ਔਸਤਨ 3,600 ਡਾਲਰ ਦਾ ਭੁਗਤਾਨ ਕਰਨਾ ਪਏਗਾ, ਜਦਕਿ ਮਾਲਕ-ਕਬਜ਼ੇਦਾਰ ਅਤੇ ਛੋਟੇ ਕਾਰੋਬਾਰ ਪ੍ਰਤੀ ਸਾਲ ਔਸਤਨ 900 ਡਾਲਰ ਦਾ ਭੁਗਤਾਨ ਕਰਨਗੇ।

ਕੋਨਲਨ ਦਾ ਟੀਚਾ ਖੇਤਰ ਵਿੱਚ ਨਿਵੇਸ਼ ਨੂੰ ਘੱਟ ਆਕਰਸ਼ਕ ਬਣਾਉਣਾ ਹੈ ਅਤੇ ਹੌਲੀ ਹੌਲੀ ਮਾਲਕੀ ਨੂੰ ਨਿਵੇਸ਼ਕਾਂ ਤੋਂ ਮਾਲਕ-ਕਬਜ਼ਾਕਾਰਾਂ ਵੱਲ ਤਬਦੀਲ ਕਰਨਾ ਹੈ। ਹਾਲਾਂਕਿ, ਇਸ ਪ੍ਰਸਤਾਵ ਨੂੰ ਮਿਸ਼ਰਤ ਪ੍ਰਤੀਕਿਿਰਆ ਮਿਲੀ ਹੈ। RMIT ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਹੇਵਰਡ ਨੇ ਇਸ ਵਿਚਾਰ ਦੀ ਸ਼ਲਾਘਾ ਕੀਤੀ ਪਰ ਬਾਜ਼ਾਰ ’ਤੇ ਇਸ ਦੇ ਪ੍ਰਭਾਵ ’ਤੇ ਵੀ ਸਵਾਲ ਚੁੱਕੇ।

ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਦੇ ਮੁੱਖ ਅਰਥਸ਼ਾਸਤਰੀ ਪੀਟਰ ਟਿਊਲਿਪ ਨੇ ਇਸ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਦਲੀਲ ਦਿੱਤੀ ਕਿ ਇਸ ਨਾਲ ਮੈਰੀ-ਬੇਕ ਵਿਚ ਕਿਰਾਏ ’ਤੇ ਘਰਾਂ ਦਾ ਸੰਕਟ ਹੋਰ ਵਿਗੜ ਜਾਵੇਗਾ ਕਿਉਂਕਿ ਨਿਵੇਸ਼ਕ ਆਪਣੀਆਂ ਜਾਇਦਾਦਾਂ ਵੇਚ ਸਕਦੇ ਹਨ। ਪ੍ਰਾਪਰਟੀ ਕੌਂਸਲ ਦੇ ਵਿਕਟੋਰੀਅਨ ਡਾਇਰੈਕਟਰ ਕੈਥ ਇਵਾਂਸ ਨੇ ਵੀ ਇਸ ਪ੍ਰਸਤਾਵ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਕਿਰਾਏਦਾਰਾਂ ਦੀ ਲਾਗਤ ਵਧੇਗੀ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਸਤੰਬਰ ‘ਚ ਸਮੀਖਿਆ ਲਈ ਕੌਂਸਲ ਵੱਲੋਂ ਰਿਪੋਰਟ ਤਿਆਰ ਕੀਤੀ ਜਾਵੇਗੀ।