ਰੰਗਾਰੰਗ ਅੰਦਾਜ਼ ’ਚ Paris Olympics ਦੀ ਸਮਾਪਤੀ, ਟੁੱਟਾ ਇਹ ਅਨੋਖਾ ਰਿਕਾਰਡ

cbadmin
By
cbadmin
3 Min Read

ਮੈਲਬਰਨ : 33ਵੀਆਂ ਓਲੰਪਿਕ ਖੇਡਾਂ (Paris Olympics) ਦੀ ਅੱਜ ਪੈਰਿਸ ’ਚ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 ’ਚ ਅਗਲੀਆਂ ਓਲੰਪਿਕ ਖੇਡਾਂ ਹੋਣਗੀਆਂ। ਸਟੇਡ ਡੀ ਫਰਾਂਸ ਸਟੇਡੀਅਮ ’ਚ ਹੋਏ ਸਮਾਪਤੀ ਸਮਾਗਮ ਦੌਰਾਨ ਬਿਲੀ ਐਲਿਸ਼, ਸਨੂਪ ਡੌਗ ਅਤੇ ਰੈੱਡ ਹੌਟ ਚਿਲੀ ਪੈਪਰਜ਼ ਨੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ। ਸਭ ਤੋਂ ਦਿਲਕਸ਼ ਨਜ਼ਾਰਾ ਹਾਲੀਵੁੱਡ ਦੇ ਅਦਾਕਾਰ ਟਾਮ ਕਰੂਜ਼ ਵੱਲੋਂ ਤਾਰਾਂ ਸਹਾਰੇ ਉਡਦੇ ਹੋਏ ਸਟੇਡੀਅਮ ’ਚ ਦਾਖ਼ਲ ਹੋਣਾ ਰਿਹਾ।

ਪੈਰਿਸ 2024 ਲਈ ਆਸਟ੍ਰੇਲੀਆ ਦੀ ਟੀਮ ਨੇ ਕਿਸੇ ਵੀ ਹੋਰ ਆਸਟ੍ਰੇਲੀਆਈ ਦਲ ਨਾਲੋਂ ਵੱਧ ਸੋਨੇ ਦੇ ਮੈਡਲ ਜਿੱਤੇ ਹਨ। ਇਸ ਮੌਕੇ ਪੈਰਿਸ ਆਰਗੇਨਾਈਜਿੰਗ ਕਮੇਟੀ ਦੇ ਪ੍ਰਧਾਨ ਟੋਨੀ ਐਸਟੈਂਗੁਏਟ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੈਰਿਸ 2024 ਨੇ ‘‘ਇੱਕ ਨਵਾਂ ਰਿਕਾਰਡ ਵੀ ਤੋੜਿਆ ਜੋ ਸਾਡੇ ਦਿਲਾਂ ਦੇ ਬਹੁਤ ਨੇੜੇ ਹੈ: ਓਲੰਪਿਕ ਖੇਡਾਂ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਵਿਆਹ ਦੇ ਪ੍ਰਸਤਾਵ।’’

ਆਖਰੀ ਮਹਿਲਾ ਬਾਸਕਟਬਾਲ ਦੇ ਗਹਿਗੱਚ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਕੇ ਆਪਣੇ 40ਵੇਂ ਗੋਲਡ ਨਾਲ ਅਮਰੀਕਾ ਨੇ ਚੀਨ ਨਾਲ ਬਰਾਬਰ 40-40 ਗੋਲਡ ਮੈਡਲ ਜਿੱਤੇ। ਅਮਰੀਕਾ ਨੇ ਸਿਲਵਰ ਮੈਡਲਾਂ ਦੀ ਗਿਣਤੀ ਸਿਰ ਉੱਤੇ ਓਲੰਪਿਕ ਇਤਿਹਾਸ ਵਿੱਚ 19ਵੀਂ ਵਾਰ ਅਤੇ ਲਗਾਤਾਰ ਚੌਥੀ ਵਾਰ ਮੈਡਲ ਸੂਚੀ ਵਿੱਚ ਸਿਖਰਲਾ ਸਥਾਨ ਮੱਲਿਆ। ਪਹਿਲੇ ਤਿੰਨ ਮੁਲਕਾਂ ਵਿੱਚ 2 ਏਸ਼ੀਅਨ ਅਤੇ ਪਹਿਲੇ ਅੱਠ ਵਿੱਚ 3 ਏਸ਼ੀਅਨ ਮੁਲਕ ਸ਼ਾਮਲ ਹਨ।

ਅਮਰੀਕਾ 40 ਗੋਲਡ, 44 ਸਿਲਵਰ ਅਤੇ 42 ਕਾਂਸੀ ਸਮੇਤ 126 ਮੈਡਲਾਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਚੀਨ 40 ਗੋਲਡ, 27 ਸਿਲਵਰ ਅਤੇ 24 ਕਾਂਸੀ ਸਮੇਤ 91 ਮੈਡਲਾਂ ਨਾਲ ਦੂਜੇ, ਜਪਾਨ 20 ਗੋਲਡ, 12 ਸਿਲਵਰ ਅਤੇ 13 ਕਾਂਸੀ ਸਮੇਤ 45 ਮੈਡਲਾਂ ਨਾਲ ਤੀਜੇ, ਆਸਟ੍ਰੇਲੀਆ 18 ਗੋਲਡ, 19 ਸਿਲਵਰ ਅਤੇ 16 ਕਾਂਸੀ ਸਮੇਤ 53 ਮੈਡਲਾਂ ਨਾਲ ਚੌਥੇ ਅਤੇ ਮੇਜ਼ਬਾਨ ਫਰਾਂਸ 16 ਗੋਲਡ, 26 ਸਿਲਵਰ ਅਤੇ 22 ਕਾਂਸੀ ਸਮੇਤ 64 ਮੈਡਲਾਂ ਨਾਲ ਪੰਜਵੇਂ ਨੰਬਰ ’ਤੇ ਰਿਹਾ। ਇਕ ਹੋਰ ਏਸ਼ੀਅਨ ਮੁਲਕ ਕੋਰੀਆ ਅੱਠਵੇਂ ਨੰਬਰ ’ਤੇ ਹੈ। ਪਾਕਿਸਤਾਨ 1 ਗੋਲਡ ਦੇ ਨਾਲ 62ਵੇਂ ਅਤੇ ਭਾਰਤ 1 ਚਾਂਦੀ ਅਤੇ 5 ਕਾਂਸੀ ਸਮੇਤ 6 ਮੈਡਲਾਂ ਨਾਲ 71ਵੇਂ ਸਥਾਨ ’ਤੇ ਰਿਹਾ।

ਪੈਰਿਸ ਵਿਖੇ ਕੁੱਲ 90 ਦੇਸ਼ਾਂ ਅਤੇ 1 ਰਿਫੂੳਜ਼ੀ ਓਲੰਪਿਕ ਕਮੇਟੀ ਦੀ ਟੀਮ ਨੇ ਮੈਡਲ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। 115 ਦੇਸ਼ ਮੈਡਲ ਸੂਚੀ ’ਚ ਨਾਂ ਦਰਜ ਨਹੀਂ ਕਰਵਾ ਸਕੇ।

ਵੱਧ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਚੀਨ ਦੀ ਤੈਰਾਕ ਝਾਂਗ ਯੂਫੇਈ ਨੇ ਛੇ ਮੈਡਲ ਜਿੱਤੇ ਹਨ ਜਿਨਾਂ ਵਿੱਚ ਇੱਕ ਚਾਂਦੀ ਤੇ ਪੰਜ ਕਾਂਸੀ ਦੇ ਮੈਡਲ ਸ਼ਾਮਲ ਹਨ। ਗੋਲਡ ਮੈਡਲਾਂ ਵਿੱਚ ਮੇਜ਼ਬਾਨ ਫਰਾਂਸੀ ਦੇ ਤੈਰਾਕ ਲਿਓਨ ਮਾਰਚੰਡ ਨੇ ਚਾਰ ਸੋਨ ਮੈਡਲ ਜਿੱਤੇ। ਸਮਾਪਤੀ ਸਮਾਗਮ ਦੌਰਾਨ ਸਟੇਡੀਅਮ ’ਚ ਮੌਜੂਦ 75 ਹਜ਼ਾਰ ਦਰਸ਼ਕਾਂ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਹੋਰ ਹਸਤੀਆਂ ਹਾਜ਼ਰ ਸਨ। ਫਰਾਂਸ ਦਾ ਤੈਰਾਕ ਲਿਓਨ ਮਰਚੈਂਡ ਓਲੰਪਿਕ ਮਸ਼ਾਲ ਲੈ ਕੇ ਸਟੇਡੀਅਮ ’ਚ ਪਹੁੰਚਿਆ।

Share This Article