ਮੈਲਬਰਨ : ਇੰਡੀਆ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਮੀਡੀਆ ’ਚ ਆਈਆਂ ਕੁੱਝ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ਾ ਰੱਦ ਕਰਨ ਦੀ ਗਿਣਤੀ ‘ਚ ਵੀ ਵਾਧਾ ਨਹੀਂ ਹੋਇਆ ਹੈ। ਗ੍ਰੀਨ ਨੇ ਜ਼ੋਰ ਦੇ ਕੇ ਕਿਹਾ, ‘‘ਮੈਂ ਖੁਦ ਅੰਕੜੇ ਵੇਖੇ ਹਨ, ਇਸ ਸਾਲ ਇਹ ਪਿਛਲੇ ਸਾਲ ਦੇ ਬਰਾਬਰ ਹੈ। ਵਿਦਿਆਰਥੀਆਂ ਦੇ ਨਾਮਨਜ਼ੂਰ ਕਰਨ ਵਿੱਚ ਵੀ ਕੋਈ ਵਾਧਾ ਨਹੀਂ ਹੋਇਆ ਹੈ।’’
ਫਿਲਿਪ ਗ੍ਰੀਨ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਵਾਂਗ ਆਸਟ੍ਰੇਲੀਆ ’ਚ ਸਟੂਡੈਂਟਸ ਦੀ ਆਮਦ ਦੀ ਗਿਣਤੀ ’ਤੇ ਰੋਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਆਸਟ੍ਰੇਲੀਆ ਵਿਦੇਸ਼ੀ ਵਿਦਿਆਰਥੀਆਂ ਲਈ ਖੁੱਲ੍ਹਾ ਹੈ, ਪਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਵਿਦਿਆਰਥੀ ਨਾਮਵਰ ਸੰਸਥਾਵਾਂ ਤੋਂ ਆਉਣ ਅਤੇ ਚੰਗੇ ਕੰਮ ਵਾਲੇ ਕੋਰਸ ਕਰਨ। ਗ੍ਰੀਨ ਨੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਚੁਣਨ ਦੀ ਪ੍ਰਕਿਰਿਆ ਦਾ ਉਦੇਸ਼ ਵਿਦਿਆਰਥੀਆਂ ਅਤੇ ਆਸਟ੍ਰੇਲੀਆਈ ਸਿੱਖਿਆ ਪ੍ਰਣਾਲੀ ਦੋਵਾਂ ਨੂੰ ਲਾਭ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ, ‘‘ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਆਸਟ੍ਰੇਲੀਆ ਨੂੰ ਖਾਸ ਤੌਰ ‘ਤੇ ਮੈਡੀਕਲ, ਨਰਸਿੰਗ, ਪ੍ਰਬੰਧਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਕਰੀਅਰ ਬਣਾਉਣ ਲਈ ਇੱਕ ਬਿਹਤਰ ਬਦਲ ਮੰਨਦੇ ਹਨ। ਵੱਡੀ ਗਿਣਤੀ ਵਿੱਚ ਭਾਰਤੀ ਆਪਣੀ ਸਿੱਖਿਆ ਦੇ ਹਿੱਸੇ ਵਜੋਂ ਆਸਟ੍ਰੇਲੀਆ ਆਉਣ ਦੀ ਚੋਣ ਕਰਦੇ ਹਨ।’’