ਮੈਲਬਰਨ: ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਛੇ ਸਾਲਾਂ ਤਕ ਅਹੁਦੇ ’ਤੇ ਰਹਿਣ ਤੋਂ ਬਾਅਦ ਸੇਵਾਮੁਕਤੀ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 2018 ਵਿੱਚ ਇਸ ਅਹੁਦੇ ’ਤੇ ਚੁਣੀ ਗਈ ਪਹਿਲੀ ਔਰਤ ਮੇਅਰ ਸਨ। ਜੂਨ ’ਚ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੀ ਥਾਂ ਡਿਪਟੀ ਮੇਅਰ ਨਿਕੋਲਸ ਰੀਸ ਲੈਣਗੇ। ਇਸ ਤੋਂ ਬਾਅਦ ਅਕਤੂਬਰ 2024 ਦੇ ਕੌਂਸਲ ਇਲੈਕਸ਼ਨ ’ਚ ਨਵਾਂ ਮੇਅਰ ਚੁਣਿਆ ਜਾਵੇਗਾ। ਸੈਲੀ ਕੈਪ ਇਹ ਚੋਣ ਨਹੀਂ ਲੜਨਗੇ।
ਆਪਣੇ ਭਾਵੁਕ ਐਲਾਨ ’ਚ ਉਨ੍ਹਾਂ ਕਿਹਾ, ‘‘ਮੈਨੂੰ ਇਹ ਕੰਮ ਬਹੁਤ ਪਸੰਦ ਹੈ। ਮੈਲਬਰਨ ਦੇ ਲੋਕਾਂ ਦੀ ਪ੍ਰਤੀਨਿਧਗੀ ਕਰਨਾ ਮਾਣ ਦੀ ਗੱਲ ਹੈ। ਮੈਂ ਇਸ ਰੋਸ ’ਤੇ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। 56 ਸਾਲ ਦੀ ਉਮਰ ’ਚ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਆਉਣ ਵਾਲੇ ਸਮੇਂ ਲਈ ਨਵੇਂ ਮੌਕੇ ਤਲਾਸ਼ਣੇ ਚਾਹੀਦੇ ਹਨ।’’
ਰਾਜਨੀਤਿਕ ਤੌਰ ’ਤੇ ਸੁਤੰਤਰ ਕੈਪ ਦਾ ਵੰਨ-ਸੁਵੰਨਾ ਕਰੀਅਰ ਰਿਹਾ ਹੈ। ਉਹ ਇੱਕ ਸਾਬਕਾ ਵਕੀਲ, ਲੰਡਨ ਵਿੱਚ ਵਿਕਟੋਰੀਆ ਦੇ ਏਜੰਟ-ਜਨਰਲ ਵਜੋਂ ਨਿਯੁਕਤ ਕੀਤੀ ਗਈ ਪਹਿਲੀ ਔਰਤ ਅਤੇ 2009 ਤੱਕ ਕੋਲਿੰਗਵੁੱਡ ਫੁੱਟਬਾਲ ਕਲੱਬ ਦੀ ਡਾਇਰੈਕਟਰ ਵੀ ਰਹੇ ਹਨ। ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਮੈਲਬਰਨ ਸ਼ਹਿਰ ਵਿੱਚ ਉਨ੍ਹਾਂ ਦੀ ਸੇਵਾ ਲਈ ਆਰਡਰ ਆਫ ਆਸਟ੍ਰੇਲੀਆ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।
ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੂੰ ਅੱਤਵਾਦੀ ਹਮਲਿਆਂ ਅਤੇ ਕੋਵਿਡ-19 ਮਹਾਂਮਾਰੀ ਸਮੇਤ ਡੂੰਘੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਬਾਵਜੂਦ, ਉਨ੍ਹਾਂ ਨੂੰ ਸ਼ਹਿਰ ਦੀ ਪੁਨਰ-ਸੁਰਜੀਤੀ ‘ਤੇ ਮਾਣ ਹੈ, ਜੋ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ, ਦੁਨੀਆ ਦਾ ਤੀਜਾ ਸਭ ਤੋਂ ਵੱਧ ਰਹਿਣ ਯੋਗ ਅਤੇ ਵਿਸ਼ਵ ਪੱਧਰ ‘ਤੇ ਚੌਥਾ ਸਭ ਤੋਂ ਵਧੀਆ ਵਿਦਿਆਰਥੀ ਸ਼ਹਿਰ ਬਣ ਗਿਆ ਹੈ। ਉਨ੍ਹਾਂ ਨੇ ਕੁਈਨ ਵਿਕਟੋਰੀਆ ਮਾਰਕੀਟ ਖੇਤਰ ਦੇ ਨਵੀਨੀਕਰਨ, ਪਾਵਰ ਮੈਲਬਰਨ ਬੈਟਰੀ ਸਕੀਮ ਅਤੇ ਮੇਕ ਰੂਮ ਰਿਹਾਇਸ਼ ਵਿਕਾਸ ਵਰਗੇ ਪ੍ਰੋਜੈਕਟਾਂ ਨੂੰ ਆਪਣੇ ਕਾਰਜਕਾਲ ਦੀਆਂ ਕੁਝ ਵਿਸ਼ੇਸ਼ਤਾਵਾਂ ਵਜੋਂ ਉਜਾਗਰ ਕੀਤਾ।